ਸ੍ਰੀ ਗੋਇੰਦਵਾਲ ਸਾਹਿਬ ’ਚ ਹੋਣ ਵਾਲਾ ਸਮਾਗਮ ਮੀਲ ਪੱਥਰ ਸਾਬਿਤ ਹੋਵੇਗਾ : ਬ੍ਰਹਮਪੁਰਾ ਮਾਵਾਂ-ਧੀਆਂ ਦੇ ਸਤਿਕਾਰ ਨੂੰ ਸਮਰਪਿਤ ਸ੍ਰੀ ਗੋਇੰਦਵਾਲ ਸਾਹਿਬ ’ਚ ਹੋਣ ਵਾਲਾ ਸਮਾਗਮ ਮੀਲ ਪੱਥਰ ਸਾਬਿਤ ਹੋਵੇਗਾ - ਬ੍ਰਹਮਪੁਰਾ
Publish Date: Wed, 30 Sep 2026 07:01 PM (IST)
Updated Date: Wed, 30 Sep 2026 07:03 PM (IST)
‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਸਨਮਾਨ ਰਾਸ਼ੀ ਦੀ ਦੂਜੀ ਕਿਸ਼ਤ ਜਾਰੀ ਹੋਣ ਨਾਲ ਮਾਵਾਂ-ਭੈਣਾਂ ’ਚ ਭਾਰੀ ਉਤਸ਼ਾਹ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮਾਵਾਂ ਤੇ ਧੀਆਂ ਦੇ ਆਰਥਿਕ ਸਸ਼ਕਤੀਕਰਨ ਅਤੇ ਮਾਣ-ਸਤਿਕਾਰ ਨੂੰ ਬੁਲੰਦ ਕਰਨ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਅੱਜ ਇਕ ਅਕਤੂਬਰ ਨੂੰ ਇਤਿਹਾਸਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ਵਿਖੇ ਹੋਣ ਜਾ ਰਿਹਾ ਵਿਸ਼ਾਲ ਸਮਾਗਮ ਸੂਬੇ ਦੀ ਸਿਆਸਤ ਅਤੇ ਵਿਕਾਸ ਵਿਚ ਇਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੀਤਾ। ਬ੍ਰਹਮਪੁਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰੀ ਸ਼ਿੱਦਤ ਨਾਲ ਪੁਗਾ ਰਹੀ ਹੈ ਅਤੇ ਮਾਵਾਂ-ਧੀਆਂ ਨਾਲ ਕੀਤਾ ਗਿਆ ਸਨਮਾਨ ਦਾ ਵਾਅਦਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੌਜੂਦਾ ‘ਆਪ’ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਅਕਤੂਬਰ ਨੂੰ ਇਸ ਯੋਜਨਾ ਤਹਿਤ ਸਨਮਾਨ ਰਾਸ਼ੀ ਦੀ ਦੂਜੀ ਕਿਸ਼ਤ ਜਾਰੀ ਹੋਣ ਨਾਲ ਪੰਜਾਬ ਭਰ ਦੀਆਂ ਮਾਵਾਂ-ਭੈਣਾਂ ਵਿਚ ਭਾਰੀ ਉਤਸ਼ਾਹ ਅਤੇ ਖ਼ੁਸ਼ੀ ਦੀ ਲਹਿਰ ਹੈ। ਬ੍ਰਹਮਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਵਿਚ ਜੋ ਗਤੀ ਲਿਆਂਦੀ ਗਈ ਹੈ, ਉਸ ਨਾਲ ਵਿਰੋਧੀਆਂ ਦੇ ਸਾਰੇ ਕਿਲ੍ਹੇ ਢਹਿ-ਢੇਰੀ ਹੋ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਿਸ਼ਾਲ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ। ਬ੍ਰਹਮਪੁਰਾ ਨੇ ਹਲਕਾ ਖਡੂਰ ਸਾਹਿਬ ਅਤੇ ਸਮੁੱਚੇ ਮਾਝੇ ਦੀਆਂ ਸੰਗਤਾਂ, ਪਾਰਟੀ ਵਰਕਰਾਂ ਅਤੇ ਮਾਵਾਂ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਰਵਾਂ ਸਵਾਗਤ ਕਰਨ ਅਤੇ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣਨ।