ਜਨਗਣਨਾ-2027 ਤਹਿਤ ਦੂਜੇ ਪੜਾਅ ਦੇ ਕੰਮ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾਂ ਟ੍ਰੇਨਿੰਗ ਮੁਕੰਮਲ ਜਨਗਣਨਾ-2027 ਤਹਿਤ ਦੂਜੇ ਪੜਾਅ ਦੇ ਕੰਮ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾਂ ਟਰੇਨਿੰਗ ਮੁਕੰਮਲ
Publish Date: Wed, 30 Sep 2026 06:07 PM (IST)
Updated Date: Wed, 30 Sep 2026 06:09 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜਨਗਣਨਾ-2027 ਤਹਿਤ ਦੂਸਰੇ ਫੇਜ਼ ਲਈ ਟ੍ਰੇਨਿੰਗਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸੇ ਤਹਿਤ ਫੇਜ਼-2 ਦੇ ਕੰਮ ਲਈ 40 ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾਂ ਟਰੇਨਿੰਗ 28 ਤੋਂ 30 ਸਤੰਬਰ ਨੂੰ ਕਰਵਾਈ ਗਈ। ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਦੇ ਨਿਯਮਾਂ ਅਧੀਨ ਕਰਵਾਏ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ 40 ਫੀਲਡ ਟ੍ਰੇਨਰਾਂ ਵੱਲੋਂ ਹਿੱਸਾ ਲਿਆ ਗਿਆ। ਸਬੰਧਿਤ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਜਨਗਣਨਾ ਵਿਭਾਗ, ਪੰਜਾਬ ਚੰਡੀਗੜ੍ਹ ਵੱਲੋਂ ਤਾਇਨਾਤ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਹਿਤਾਂਸ਼ੂ ਅਤੇ ਮਾਸਟਰ ਟ੍ਰੇਨਰ ਸੁਰਿੰਦਰਪਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਉਪ ਅਰਥ ਅਤੇ ਅੰਕੜਾ ਸਲਾਹਕਾਰ ਤਰਨਤਾਰਨ ਡਾ. ਅਮਨਦੀਪ ਸਿੰਘ ਸੈਣੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿਚ ਜਨਗਣਨਾ ਦਾ ਦੂਜਾ ਫੇਜ਼ ਇਕ ਦਸੰਬਰ ਤੋਂ 4 ਜਨਵਰੀ ਤਕ ਚੱਲੇਗਾ ਅਤੇ ਰਵੀਜ਼ਨ ਫੇਜ਼ 5 ਤੋਂ 9 ਜਨਵਰੀ ਨੂੰ ਖ਼ਤਮ ਹੋਵੇਗਾ। ਇਕ ਦਸਬੰਰ ਤੋਂ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਗੇ, ਜਿਸ ਵਿਚ ਲਗਭਗ 40 ਸਵਾਲ ਪੁੱਛੇ ਜਾਣਗੇ ਅਤੇ ਇਹ ਸਾਰੀ ਪ੍ਰਕਿਰਿਆ ਆਨ ਲਾਈਨ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 16 ਤੋਂ 30 ਨਵੰਬਰ ਤਕ ਸੈਲਫ ਇਨੂਮੀਰੇਸ਼ਨ ਲਈ ਪੋਰਟਲ ਸਮੂਹ ਨਾਗਰਿਕਾਂ ਲਈ ਖੁੱਲ੍ਹਾ ਰਹੇਗਾ, ਜਿਸ ਤਹਿਤ ਕੋਈ ਵੀ ਨਾਗਰਿਕ ਆਪਣੀ ਜਨਗਣਨਾ ਆਪ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਫੀਲਡ ਟ੍ਰੇਨਰਾਂ ਵੱਲੋਂ 5 ਅਕਤੂਬਰ ਤੋਂ ਜਨਗਣਨਾ ਲਈ ਨਿਯੁਕਤ ਕੀਤੇ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਜਨਗਣਨਾ ਤਹਿਤ ਨਾਗਰਿਕਾਂ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਗੁਪਤ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਜਨਗਣਨਾ ਡਿਜ਼ੀਟਲ ਮੋਡ ਰਾਹੀਂ ਕਰਵਾਈ ਜਾ ਰਹੀ ਹੈ। ਇਸ ਨਾਲ ਜਿੱਥੇ ਨਾਗਰਿਕਾਂ ਦੀ ਸੂਚਨਾ ਗੁਪਤ ਰਹੇਗੀ, ਉਥੇ ਨਾਲ ਹੀ ਜਨਗਣਨਾ ਦੇ ਅੰਕੜੇ ਜਲਦ ਮੁਹੱਈਆ ਹੋ ਜਾਣਗੇ। ਇਹ ਅੰਕੜੇ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸ ਲਈ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਹੀ ਅੰਕੜੇ ਹੀ ਗਿਣਤੀਕਾਰਾਂ ਨੂੰ ਦਿੱਤੇ ਗਏ।