ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ ਬਣਿਆ ਜ਼ਿਲ੍ਹੇ ਲਈ ਮਾਣ ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ ਬਣਿਆ ਜ਼ਿਲ੍ਹੇ ਲਈ ਮਾਣ
Publish Date: Wed, 30 Sep 2026 05:30 PM (IST)
Updated Date: Wed, 30 Sep 2026 05:33 PM (IST)
‘ਪੰਜਾਬੀ ਜਾਗਰਣ’ ਨੇ ਕੀਤਾ ‘ਰਤਨ ਪੰਜਾਬ ਦੇ’ ਐਵਾਰਡ-2026 ਨਾਲ ਸਨਮਾਨਿਤ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਭਾਰਤ-ਪਾਕਿ ਸਰਹੱਦ ’ਤੇ ਵਸੇ ਜ਼ਿਲ੍ਹਾ ਤਰਨਤਾਰਨ ਦੇ ਬੱਚਿਆਂ ਨੂੰ ਬਿਹਤਰ ਮੌਕੇ ਅਤੇ ਉੱਚ ਪੱਧਰੀ ਸਿੱਖਿਆ ਤੇ ਖੇਡ ਸਹੂਲਤਾਂ ਦੇਣ ਵਾਲਾ ‘ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ’ ਜ਼ਿਲ੍ਹੇ ਲਈ ਮਾਣ ਬਣ ਰਿਹਾ ਹੈ। ਉੱਘੇ ਸਮਾਜ ਸੇਵਕ ਰਮਨੀਕ ਸਿੰਘ ਖੇੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਅੰਮ੍ਰਿਤ ਖੇੜਾ ਵੱਲੋਂ ਸਥਾਪਿਤ ਕੀਤੇ ਗਏ ਇਸ ਸਕੂਲ ਵੱਲੋਂ ਕਿਤਾਬੀ ਗਿਆਨ ਦੇ ਨਾਲ-ਨਾਲ ਖੇਡਾਂ ਰਾਹੀਂ ਬੱਚਿਆਂ ਦੀ ਪ੍ਰਤਿਭਾ ਨੂੰ ਉਡਾਣ ਵੀ ਦਿੱਤੀ ਜਾ ਰਹੀ ਹੈ। ਸੰਸਥਾ ਵੱਲੋਂ ਕੀਤੇ ਜਾ ਰਹੇ ਵਿਲੱਖਣ ਉਪਰਾਲਿਆਂ ਦੇ ਚੱਲਦਿਆਂ ‘ਪੰਜਾਬੀ ਜਾਗਰਣ’ ਵਲੋਂ ਕਰਵਾਏ ਗਏ ‘ਰਤਨ ਪੰਜਾਬ ਦੇ’ ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਰੇ ਵਲੋਂ ਚੰਡੀਗੜ੍ਹ ਦੇ ਹੋਟਲ ਦਿ ਲਲਿਤ ਵਿਚ ਰੱਖੇ ਗਏ ਸ਼ਾਨਦਾਰ ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਹਰਲੀਨ ਕੌਰ ਨੇ ਪੰਜਾਬ ਦੇ ਵਿੱਤ, ਐਕਸਾਈਜ਼ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਕੋਲੋਂ ਇਹ ਐਵਾਰਡ ਪ੍ਰਾਪਤ ਕੀਤਾ। ਇਸ ਮੌਕੇ ਜਾਗਰਣ ਗਰੁੱਪ ਦੇ ਸੀਜੇਐੱਮ ਮੋਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ‘ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ’ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਤਾ ਦੇ ਰਿਹਾ ਹੈ। ਸਕੂਲ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸਿੱਖਿਆ ਬੱਚੇ ਦੇ ਗਿਆਨ ਦਾ ਵਿਕਾਸ ਕਰਦੀ ਹੈ ਤੇ ਖੇਡਾਂ ਉਸ ਦਾ ਸਰੀਰਕ ਵਿਕਾਸ ਅਤੇ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਣਸ਼ੀਲਤਾ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਪੈਦਾ ਕਰਦੀਆਂ ਹਨ। ਵਿਦਿਆਰਥੀਆਂ ਨੂੰ ਚੰਗਾ ਇਨਸਾਨ, ਜ਼ਿੰਮੇਵਾਰ ਨਾਗਰਿਕ ਅਤੇ ਹੁਨਰਮੰਦ ਖਿਡਾਰੀ ਬਣਾਉਣ ਦਾ ਜ਼ਿੰਮਾ ਵੀ ਖੇੜਾ ਜੋੜੀ ਨੇ ਚੁੱਕਿਆ ਹੋਇਆ ਹੈ। ‘ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ’ ਵੱਲੋਂ ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਨੂੰ ਸਾਂਝਾ ਮੰਚ ਦੇ ਕੇ ਜ਼ਿਲ੍ਹੇ ਅੰਦਰ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ, ਜਿਸ ਉੱਪਰ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਭਰੋਸਾ ਕਾਇਮ ਹੋ ਰਿਹਾ ਹੈ। ਰਮਨੀਕ ਸਿੰਘ ਖੇੜਾ ਅਤੇ ਅੰਮ੍ਰਿਤ ਖੇੜਾ ਦੀ ਇਹ ਪਹਿਲ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਜੇਕਰ ਸਿੱਖਿਆ ਨੂੰ ਸਮਾਜਿਕ ਜ਼ਿੰਮੇਵਾਰੀ ਅਤੇ ਖੇਡਾਂ ਨਾਲ ਜੋੜ ਕੇ ਅੱਗੇ ਵਧਾਇਆ ਜਾਵੇ ਤਾਂ ਨਵੀਂ ਪੀੜ੍ਹੀ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਜਾ ਸਕਦੇ ਹਨ। ਤਰਨਤਾਰਨ ਵਰਗੇ ਸਰਹੱਦੀ ਜ਼ਿਲ੍ਹੇ ਵਿਚ ਅਜਿਹੀ ਸੰਸਥਾ ਦਾ ਸਥਾਪਿਤ ਹੋਣਾ ਨਿਸ਼ਚਿਤ ਤੌਰ ’ਤੇ ਸਿੱਖਿਆ ਅਤੇ ਖੇਡਾਂ ਦੇ ਖੇਤਰ ’ਚ ਇਕ ਪ੍ਰਭਾਵਸ਼ਾਲੀ ਉਪਰਾਲਾ ਹੈ। ਉਨ੍ਹਾਂ ਦੀਆਂ ਸਿੱਖਿਆ ਅਤੇ ਸਮਾਜਿਕ ਸਰੋਕਾਰਾਂ ਵੱਲ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਤਹਿਤ ‘ਪੰਜਾਬੀ ਜਾਗਰਣ’ ਵਲੋਂ ‘ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ’ ਦੇ ਚੇਅਰਮੈਨ ਰਮਨੀਕ ਸਿੰਘ ਖੇੜਾ ਤੇ ਡਾਇਰੈਕਟਰ ਅੰਮ੍ਰਿਤ ਖੇੜਾ ਨੂੰ ‘ਰਤਨ ਪੰਜਾਬ ਦੇ’ ਐਵਾਰਡ ਲਈ ਚੁਣਿਆ ਗਿਆ ਅਤੇ ਅੱਜ ਇਹ ਐਵਾਰਡ ਸਕੂਲ ਦੀ ਸ਼ਾਨ ਬਣ ਚੁੱਕਾ ਹੈ। ਰਮਨੀਕ ਸਿੰਘ ਖੇੜਾ ਨੇ ਦੱਸਿਆ ਕਿ ਖੇਡਾਂ ਦੇ ਖੇਤਰ ਵਿਚ ਦਾਇਰਾ ਵਿਸ਼ਾਲ ਕਰਦਿਆਂ ਭਾਰਤ ਦੀ ਪ੍ਰਸਿੱਧ ਅਥਲੀਟ ਪੀਟੀ ਊਸ਼ਾ ਨੂੰ ਸਕੂਲ ਨਾਲ ਜੋੜਿਆ ਗਿਆ ਹੈ। ਸਪੋਰਟਸ ਪਾਰਟਨਰ ਵਜੋਂ ਉਨ੍ਹਾਂ ਦੀ ਭੂਮਿਕਾ ਤੇ ਸਾਂਝ ਸਕੂਲ ਦੇ ਖੇਡ-ਕੇਂਦਰਿਤ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਦੇ ਰਹੀ ਹੈ। ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਵੀ ਸਕੂਲ ਦੇ ਖੇਡ ਹਿੱਸੇਦਾਰ ਵਜੋਂ ਵਿਦਿਆਰਥੀਆਂ ਨੂੰ ਕ੍ਰਿਕਟ ਦੇ ਗੁਰ ਸਿਖਾ ਰਹੇ ਹਨ। ਇੰਨਾ ਹੀ ਨਹੀਂ, ‘ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ’ ਵੱਲੋ ਸ਼ੂਟਿੰਗ ਦੇ ਖੇਤਰ ਵਿਚ ਵੀ ਵਿਦਿਆਰਥੀਆਂ ਨੂੰ ਨਵੇਂ ਮੌਕੇ ਦਿੱਤੇ ਜਾ ਰਹੇ ਹਨ। ਨੈਸ਼ਨਲ ਸ਼ੂਟਿੰਗ ਰਾਈਫਲ ਐਸੋਸੀਏਸ਼ਨ ਦੇ ਜ਼ਿਲ੍ਹਾ ਯੂਨਿਟ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੂੰ ਸ਼ੂਟਿੰਗ ਖੇਡ ਨਾਲ ਜੋੜਿਆ ਜਾ ਰਿਹਾ ਹੈ। ਆਰਥਿਕ ਤੌਰ ’ਤੇ ਕਮਜ਼ੋਰ 25 ਬੱਚਿਆਂ ਨੂੰ ਦਿੱਤੀ ਸਿੱਖਿਆ ਚੇਅਰਮੈਨ ਰਮਨੀਕ ਸਿੰਘ ਖੇੜਾ ਨੇ ਕਿਹਾ ਕਿ ‘ਦਿ ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ’ ਨਾਮਕ ਇਹ ਸੰਸਥਾ ਅਜਿਹੇ 25 ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ ਜਿਹੜੇ ਪੜ੍ਹਾਈ ਵਿਚ ਸਮਰੱਥ ਹਨ ਤੇ ਸਕੂਲ ਜਾਣ ਦੀ ਇੱਛਾ ਵੀ ਰੱਖਦੇ ਹਨ ਪਰ ਕਮਜ਼ੋਰ ਆਰਥਿਕ ਹਾਲਾਤ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾ ਰਹੇ। ਇਨ੍ਹਾਂ ਬੱਚਿਆਂ ਨੂੰ ਸਕੂਲ ’ਚ ਬਿਨਾਂ ਕਿਸੇ ਫੀਸ ਦੇ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਬੱਚਿਆਂ ਲਈ ਸਿੱਖਿਆ ਦਾ ਦਰਵਾਜ਼ਾ ਹੀ ਨਹੀਂ ਖੁੱਲ੍ਹਾ ਬਲਕਿ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਵੀ ਮਿਲੇਗੀ।