ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
Publish Date: Tue, 29 Sep 2026 06:38 PM (IST)
Updated Date: Tue, 29 Sep 2026 06:39 PM (IST)
ਪਰਾਲੀ ਪ੍ਰਬੰਧਨ ਮਸ਼ੀਨਾਂ ’ਤੇ ਜ਼ਿਲ੍ਹੇ ਅੰਦਰ 9 ਕਰੋੜ 80 ਲੱਖ ਦੀ ਸਬਸਿਡੀ ਦਾ ਕੀਤਾ ਗਿਆ ਪ੍ਰਬੰਧ : ਵਿਧਾਇਕ ਧੁੰਨ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ‘ਪਰਾਲੀ ਨਹੀਂ ਇਹ ਹੈ ਪੂੰਜੀ, ਸਹੀ ਸੰਭਾਲ ਹੈ ਖੁਸ਼ਹਾਲੀ ਦੀ ਕੁੰਜੀ’ ਦੇ ਸੰਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤਰਨਤਾਰਨ ਵੱਲੋਂ ਆਤਮਾ ਸਕੀਮ ਤਹਿਤ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਖੇਮਕਰਨ ਸਰਵਣ ਸਿੰਘ ਧੁੰਨ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਭਾਗ ਵੱਲੋਂ ਲਗਾਏ ਸ਼ਾਨਦਾਰ ਕੈਂਪ ਲਈ ਵਧਾਈ ਦਿੰਦਿਆਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਅੱਗ ਲਗਾਉਣ ਨਾਲ ਸਿਰਫ਼ ਹਵਾ ਪ੍ਰਦੂਸ਼ਿਤ ਹੀ ਨਹੀਂ ਹੁੰਦੀ, ਸਗੋਂ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਪਰਾਲੀ ਸਾੜਨ ਨਾਲ ਇਸ ਵਿਚ ਮੌਜੂਦ ਜੈਵਿਕ ਪਦਾਰਥਾਂ ਦਾ ਨੁਕਸਾਨ ਹੁੰਦਾ ਹੈ ਅਤੇ ਮਿੱਟੀ ਵਿਚ ਮੌਜੂਦ ਲਾਭਦਾਇਕ ਸੂਖਮ ਜੀਵਾਂ ਦੀ ਗਿਣਤੀ ਅਤੇ ਸਰਗਰਮੀ ਪ੍ਰਭਾਵਿਤ ਹੁੰਦੀ ਹੈ। ਵਿਧਾਇਕ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਮਿੱਟੀ ਦੀ ਉਪਰਲੀ ਪਰਤ ਦਾ ਤਾਪਮਾਨ ਵੀ ਵਧ ਜਾਂਦਾ ਹੈ, ਧੂੰਏਂ ਕਾਰਨ ਹਵਾ ਦੀ ਗੁਣਵੱਤਾ ਖ਼ਰਾਬ ਹੁੰਦੀ ਹੈ ਅਤੇ ਮਨੁੱਖੀ ਸਿਹਤ, ਖ਼ਾਸ ਕਰਕੇ ਸਾਹ ਪ੍ਰਣਾਲੀ, ’ਤੇ ਮਾੜੇ ਪ੍ਰਭਾਵ ਦਾ ਖ਼ਤਰਾ ਵਧਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਮਲਚਰ, ਬੇਦਰਦ ਆਦਿ ਮਸ਼ੀਨਾਂ ਦੀ ਵਰਤੋਂ ਕਰਕੇ ਇਸ ਦੀ ਸੁਚੱਜੀ ਸੰਭਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਾਇਤਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਮਸ਼ੀਨਾਂ ’ਤੇ ਇਸ ਸਾਲ ਕਿਸਾਨਾਂ ਨੂੰ ਜ਼ਿਲ੍ਹੇ ਅੰਦਰ 9 ਕਰੋੜ 80 ਲੱਖ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ, ਜਦਕਿ ਜਿਨ੍ਹਾਂ ਨੇ ਝੋਨੇ ਦੇ ਬਦਲ ਵਜੋਂ ਸੋਨੀ ਦੀ ਮੱਕੀ ਲਗਾਈ ਹੈ, ਉਨ੍ਹਾਂ ਨੂੰ ਲਗਭਗ 22 ਲੱਖ 40 ਹਜ਼ਾਰ ਰੁਪਏ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 41 ਲੱਖ ਤੋਂ ਉਪਰ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਹੈ। ਇਸੇ ਤਰ੍ਹਾਂ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਹਰ ਖੇਤ ਤਕ ਨਹਿਰੀ ਪਾਣੀ ਪਹੁੰਚਾਇਆ ਜਾਵੇ, ਜਿਸ ਨਾਲ ਸਾਡੇ ਜ਼ਮੀਨ ਦਾ ਡਿੱਗ ਰਿਹਾ ਪਾਣੀ ਪੱਧਰ ਨਿਯੰਤਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਦੇ ਨਾਲ ਤਾਲਮੇਲ ਕਰਕੇ ਆਪਣੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਜ਼ਿਲ੍ਹਾ ਪੱਧਰ ’ਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਖੇਤੀਬਾੜੀ ਸਹੂਲਤਾਂ, ਵਿਭਾਗੀ ਸਕੀਮਾਂ ਅਤੇ ਕਿਸਾਨ ਹਿੱਤ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਲਕਾ ਇੰਚਾਰਜ ਪੱਟੀ ਜਸਕਰਨ ਸਿੰਘ ਗਿੱਲ ਰੁਸਤਮ-ਏ-ਹਿੰਦ, ਸ਼ੇਰ ਸਿੰਘ ਚੇਅਰਮੈਨ ਲੇਬਰਫੈਡ ਸੂਬਾ ਸਕੱਤਰ ਕਿਸਾਨ ਵਿੰਗ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਿਸਾਨ ਮੇਲੇ ਦੌਰਾਨ ਵੱਖ-ਵੱਖ ਖੇਤੀ ਮਾਹਿਰਾਂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ, ਬਿਜਾਈ ਦਾ ਢੁੱਕਵਾਂ ਸਮਾਂ, ਫ਼ਸਲ ਉਤਪਾਦਨ ਅਤੇ ਨਦੀਨ ਪ੍ਰਬੰਧਨ, ਕੀੜੇ-ਮਕੌੜਿਆਂ, ਬਿਮਾਰੀਆਂ ਦੀ ਸੁਚੱਜੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਸਟੇਜ ਸਕੱਤਰ ਡਾ. ਭੁਪਿੰਦਰ ਸਿੰਘ, ਏਓ ਵੱਲੋਂ ਮਾਹਿਰਾਂ ਅਤੇ ਕਿਸਾਨਾਂ ਵਿਚਕਾਰ ਤਾਲਮੇਲ ਕਰਦਿਆਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੂੰ ਕਿਸਾਨਾਂ ਨਾਲ ਆਪਣੀ ਤਕਨੀਕੀ ਜਾਣਕਾਰੀ ਸਾਂਝੀ ਕਰਨ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ਡਾ. ਪਰਵਿੰਦਰ ਸਿੰਘ ਦੀ ਅਗਵਾਈ ਵਿਚ ਖੇਤੀ ਵਿਗਿਆਨੀਆਂ ਦੀ ਟੀਮ, ਬਾਗਬਾਨੀ ਵਿਭਾਗ, ਦੇਰੀ ਵਿਭਾਗ ਭੂਮੀ ਰੱਖਿਆ ਵਿਭਾਗ, ਡਾ. ਜਸਵਿੰਦਰ ਸਿੰਘ ਭਾਟੀਆ ਮੱਛੀ ਪਾਲਣ ਵਿਭਾਗਾਂ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਵੈ ਸਹਾਇਤਾ ਸਮੂਹ, ਪਰਾਲੀ ਪ੍ਰਬੰਧਨ ਮਸ਼ੀਨਾਂ ਅਤੇ ਵੱਖ-ਵੱਖ ਮਹਿਕਮਿਆਂ ਦੁਆਰਾ ਲਗਾਈ ਸਟਾਲ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਕੈਂਪ ਦੌਰਾਨ ਸੂਝਵਾਨ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਭੁਪਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਗੁਰਿੰਦਰਜੀਤ ਸਿੰਘ, ਡਾ. ਅਮਰਦੀਪ ਸਿੰਘ, ਡਾ. ਮਲਵਿੰਦਰ ਸਿੰਘ, ਪ੍ਰੋਜੈਕਟ ਡਾਇਰੈਕਟਰ ਡਾ. ਵਿਕਰਮ ਸੂਦ, ਡਾ. ਹਰਮੀਤ ਸਿੰਘ ਏਡੀਓ, ਡਾ. ਰਮਨਦੀਪ ਸਿੰਘ ਏਡੀਓ, ਗੁਰਭੇਜ ਸਿੰਘ, ਗੁਰਪ੍ਰੀਤ ਸਿੰਘ ਏਈਓ, ਡਾ. ਗੁਰਪਾਲ ਸਿੰਘ ਬੀਟੀਐੱਮ ਦੀ ਅਗਵਾਈ ਹੇਠ ਵੱਖ-ਵੱਖ ਬਲਾਕਾਂ ਤੋਂ ਵੱਡੀ ਪੱਧਰ ਤੇ ਕਿਸਾਨਾਂ ਨੇ ਮੇਲੇ ਵਿਚ ਸ਼ਿਰਕਤ ਕੀਤੀ।