ਬਿਆਸ ਦਰਿਆ ਦੀ ਸ਼ਾਨ ਇੰਡਸ ਡਾਲਫਿਨ ਦਾ ਘਟਿਆ ਪਰਿਵਾਰ, ਪ੍ਰੇਮੀਆਂ ’ਚ ਚਿੰਤਾ ਬਿਆਸ ਦਰਿਆ ਦੀ ਸ਼ਾਨ ਇੰਡਸ ਡਾਲਫਿਨ ਦਾ ਘਟਿਆ ਪਰਿਵਾਰ, ਪ੍ਰੇਮੀਆਂ ’ਚ ਚਿੰਤਾ
Publish Date: Tue, 29 Sep 2026 05:11 PM (IST)
Updated Date: Tue, 29 Sep 2026 05:12 PM (IST)
150 ਕਿਲੋਮੀਟਰ ਦੇ ਸਰਵੇ ਦੌਰਾਨ ਪਿੰਡ ਮਰੜ੍ਹ ਨੇੜੇ ਸਿਰਫ਼ ਇਕ ਡਾਲਫਿਨ ਆਈ ਨਜ਼ਰ ਪਰਵਾਸੀ ਪੰਛੀਆਂ, ਘੜਿਆਲ ਤੇ ਦਰਿਆਈ ਪਾਣੀ ਦੇ ਵੀ ਲਏ ਨਮੂਨੇ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਬਿਆਸ ਦਰਿਆ ਦੀ ਸ਼ਾਨ ਅਤੇ ਹਰੀਕੇ ਖੇਤਰ ਦੀ ਕੁਦਰਤੀ ਪਛਾਣ ਮੰਨੀ ਜਾਂਦੀ ਦੁਰਲੱਭ ਇੰਡਸ ਰਿਵਰ ਡਾਲਫਿਨ ਦਾ ਘਟਦਾ ਪਰਿਵਾਰ ਵਾਤਾਵਰਨ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਭਾਰਤੀ ਜੰਗਲੀ ਜੀਵ ਸੰਸਥਾਨ ਦੇਹਰਾਦੂਨ ਵੱਲੋਂ ਬਿਆਸ ਦਰਿਆ ਦੇ ਜੈਵਿਕ ਜੀਵਨ ਅਤੇ ਜਲ-ਵਾਤਾਵਰਨ ਦੀ ਸਥਿਤੀ ਦਾ ਅਧਿਐਨ ਕਰਨ ਲਈ ਕਰਵਾਏ ਸਰਵੇ ਦੌਰਾਨ 150 ਕਿਲੋਮੀਟਰ ਦੇ ਦਰਿਆਈ ਖੇਤਰ ਵਿਚ ਸਿਰਫ਼ ਇਕ ਇੰਡਸ ਰਿਵਰ ਡਾਲਫਿਨ ਨਜ਼ਰ ਆਈ। ਇਹ ਡਾਲਫਿਨ ਪਿੰਡ ਮਰੜ੍ਹ ਨੇੜੇ ਦਰਿਆ ਵਿਚ ਦੇਖੀ ਗਈ। ਹਾਲਾਂਕਿ ਸਰਵੇ ਟੀਮ ਵੱਲੋਂ ਡਾਲਫਿਨ ਦੀ ਮੌਜੂਦਗੀ ਦੇ ਨਾਲ-ਨਾਲ ਦਰਿਆ ਵਿਚ ਪਾਏ ਜਾਂਦੇ ਘੜਿਆਲਾਂ ਦੀ ਗਿਣਤੀ ਅਤੇ ਪਰਵਾਸੀ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਸਬੰਧੀ ਵੀ ਜਾਣਕਾਰੀ ਇਕੱਤਰ ਕੀਤੀ ਗਈ। ਇਸ ਦੌਰਾਨ ਬਿਆਸ ਦਰਿਆ ਦੇ ਵੱਖ-ਵੱਖ ਸਥਾਨਾਂ ਤੋਂ ਪਾਣੀ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਰਾਹੀਂ ਪਾਣੀ ਦੀ ਗੁਣਵੱਤਾ ਅਤੇ ਜਲ ਜੀਵਾਂ ਲਈ ਦਰਿਆਈ ਵਾਤਾਵਰਨ ਦੀ ਅਨੁਕੂਲਤਾ ਦਾ ਅਧਿਐਨ ਕੀਤਾ ਜਾਵੇਗਾ। ਭਾਰਤ ’ਚ ਬਿਆਸ ਹੀ ਡਾਲਫਿਨ ਦੀ ਕੁਦਰਤੀ ਪਨਾਹ ਹਰੀਕੇ ਨਾਲ ਜੁੜਿਆ ਬਿਆਸ ਦਰਿਆ ਭਾਰਤ ਵਿਚ ਇੰਡਸ ਰਿਵਰ ਡਾਲਫਿਨ ਦੀ ਇਕੱਲੀ ਕੁਦਰਤੀ ਆਬਾਦੀ ਦਾ ਟਿਕਾਣਾ ਮੰਨਿਆ ਜਾਂਦਾ ਹੈ। ਇਹ ਸਮੁੰਦਰੀ ਡਾਲਫਿਨ ਤੋਂ ਬਿਲਕੁਲ ਵੱਖਰੀ ਮਿੱਠੇ ਪਾਣੀ ਦੀ ਦਰਿਆਈ ਡਾਲਫਿਨ ਹੈ। ਇਸ ਦੀ ਨਜ਼ਰ ਬਹੁਤ ਕਮਜ਼ੋਰ ਹੁੰਦੀ ਹੈ ਅਤੇ ਇਹ ‘ਈਕੋਲੋਕੇਸ਼ਨ’ ਰਾਹੀਂ ਆਵਾਜ਼ ਦੀ ਗੂੰਜ ਦੀ ਮਦਦ ਨਾਲ ਰਸਤਾ ਅਤੇ ਸ਼ਿਕਾਰ ਪਛਾਣਦੀ ਹੈ। ਇਸ ਦੀ ਖੁਰਾਕ ਵਿਚ ਮੱਛੀਆਂ ਅਤੇ ਹੋਰ ਛੋਟੇ ਜਲਜੀਵ ਸ਼ਾਮਲ ਹਨ। ਪਿਛਲੇ ਸਾਲਾਂ ਦੌਰਾਨ ਹੋਏ ਵੱਖ-ਵੱਖ ਸਰਵੇਖਣਾਂ ਵਿਚ ਬਿਆਸ ਦਰਿਆ ਵਿਚ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਦਰਜ ਕੀਤੀ ਗਈ ਹੈ। 2021–23 ਦੇ ਭਾਰਤ-ਪੱਧਰੀ ਸਰਵੇਖਣ ਵਿਚ ਬਿਆਸ ’ਚ ਤਿੰਨ ਇੰਡਸ ਰਿਵਰ ਡਾਲਫਿਨ ਦਰਜ ਹੋਈਆਂ ਸਨ। ਇਸ ਤੋਂ ਇਲਾਵਾ 2024 ਵਿਚ ਹਰੀਕੇ ਖੇਤਰ ’ਚ ਇਕ ਡਾਲਫਿਨ ਦੇ ਮ੍ਰਿਤ ਮਿਲਣ ਦੀ ਰਿਪੋਰਟ ਵੀ ਸਾਹਮਣੇ ਆਈ ਸੀ। ਦਰਿਆ ਦਾ ਵਹਾਅ ਤੇ ਪਾਣੀ ਦੀ ਗੁਣਵੱਤਾ ਬਣੀ ਚਿੰਤਾ ਵਾਤਾਵਰਨ ਪ੍ਰੇਮੀਆਂ ਅਨੁਸਾਰ ਦਰਿਆ ਵਿਚ ਘੱਟ ਪਾਣੀ ਦਾ ਵਹਾਅ, ਪਾਣੀ ਦੀ ਗੁਣਵੱਤਾ ਵਿਚ ਗਿਰਾਵਟ, ਪ੍ਰਦੂਸ਼ਣ, ਮੱਛੀਆਂ ਦੀ ਘਟਦੀ ਉਪਲਬਧਤਾ ਅਤੇ ਬੈਰਾਜ-ਨਹਿਰੀ ਪ੍ਰਣਾਲੀ ਡਾਲਫਿਨ ਦੇ ਕੁਦਰਤੀ ਆਵਾਸ ਲਈ ਚੁਣੌਤੀਆਂ ਹਨ। ਹਰੀਕੇ ਖੇਤਰ ਵਿਚ ਸਤਲੁਜ ਰਾਹੀਂ ਆਉਣ ਵਾਲੇ ਪ੍ਰਦੂਸ਼ਕ ਵੀ ਦਰਿਆਈ ਪਰਿਸਥਿਤਕੀ ਤੰਤਰ ਲਈ ਚਿੰਤਾ ਦਾ ਵਿਸ਼ਾ ਹਨ। ਇੰਡਸ ਰਿਵਰ ਡਾਲਫਿਨ ਨੂੰ ਭਾਰਤ ਵਿਚ ਜੰਗਲੀ ਜੀਵ ਸੁਰੱਖਿਆ ਕਾਨੂੰਨ ਤਹਿਤ ਉੱਚ ਪੱਧਰੀ ਸੁਰੱਖਿਆ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਵੱਲੋਂ 2019 ਵਿਚ ਇਸ ਨੂੰ ਰਾਜ ਜਲਜੀਵ ਐਲਾਨਿਆ ਗਿਆ ਸੀ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਡਾਲਫਿਨ ਦੀ ਮੌਜੂਦਗੀ ਦਰਿਆਈ ਪਰਿਸਥਿਤਿਕੀ ਤੰਤਰ ਦੀ ਸਿਹਤ ਦਾ ਮਹੱਤਵਪੂਰਨ ਸੰਕੇਤ ਹੈ। ਇਸ ਲਈ ਸਰਵੇ ਦੇ ਨਤੀਜੇ ਬਿਆਸ ਦਰਿਆ ਦੇ ਜਲਜੀਵਾਂ ਦੀ ਸੰਭਾਲ ਅਤੇ ਭਵਿੱਖ ਦੀ ਰਣਨੀਤੀ ਲਈ ਅਹਿਮ ਸਾਬਿਤ ਹੋ ਸਕਦੇ ਹਨ। ਇਸ ਸਬੰਧੀ ਭਾਰਤੀ ਜੰਗਲੀ ਜੀਵ ਸੰਸਥਾਨ ਦੇ ਡਾਕਟਰ ਵਿਨੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰੀਕੇ ਸੰਗਮ ਤੋ ਉੱਪਰ ਵੱਖ-ਵੱਖ ਥਾਵਾਂ ਤੋਂ ਸਰਵੇ ਕੀਤਾ ਹੈ, ਜਿਸ ਦਾ ਮੁੱਖ ਦਫ਼ਤਰ ਵਿਖੇ ਮੁਲਾਂਕਣ ਕਰਨ ਪਿਛੋਂ ਹੀ ਕੁਝ ਕਹਿਣਾ ਸਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀ ਹੁੰਦਾ ਕਿ ਸਰਵੇ ਸਮੇਂ ਸਾਰੀਆਂ ਡਾਲਫਿਨ ਨਜ਼ਰ ਆਉਣ। ਉਹ ਧਰਤੀ ਦੀ ਸਤਹਿ ’ਤੇ ਵੀ ਹੋ ਸਕਦੀਆਂ ਹਨ। ਉਨ੍ਹਾਂ ਡਾਲਫਿਨ ਦੀ ਗਿਣਤੀ ਘਟਣ ਤੋਂ ਇਨਕਾਰ ਵੀ ਕੀਤਾ।