ਕੌਮੀ ਸ਼ਾਹਮਾਰਗ ’ਤੇ ਹਨੇਰਾ ਬਣਿਆ ਮੁਸੀਬਤ, ਕਈ ਫਲਾਈਓਵਰਾਂ ਦੀਆਂ ਲਾਈਟਾਂ ਲੰਮੇ ਸਮੇਂ ਤੋਂ ਬੰਦ ਕੌਮੀ ਸ਼ਾਹਮਾਰਗ ’ਤੇ ਹਨੇਰਾ ਬਣਿਆ ਮੁਸੀਬਤ, ਕਈ ਫਲਾਈਓਵਰਾਂ ਦੀਆਂ ਲਾਈਟਾਂ ਲੰਮੇ ਸਮੇਂ ਤੋਂ ਬੰਦ
Publish Date: Sun, 27 Sep 2026 07:40 PM (IST)
Updated Date: Sun, 27 Sep 2026 07:42 PM (IST)
ਜੰਡਿਆਲਾ ਬਾਈਪਾਸ ਤੋਂ ਹਰੀਕੇ ਤਕ ਕਈ ਅਹਿਮ ਥਾਵਾਂ ’ਤੇ ਰੌਸ਼ਨੀ ਦਾ ਪ੍ਰਬੰਧ ਠੱਪ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ, ਸਰਦੀ ਤੇ ਧੁੰਦ ਤੋਂ ਪਹਿਲਾਂ ਲਾਈਟਾਂ ਚਾਲੂ ਕਰਨ ਦੀ ਉੱਠੀ ਮੰਗ ਜਸਪਾਲ ਸਿੰਘ ਜੱਸੀ/ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਤਰਨਤਾਰਨ/ਹਰੀਕੇ ਪੱਤਣ : ਪੰਜਾਬ ਦੇ ਮਹੱਤਵਪੂਰਨ ਕੌਮੀ ਰਾਜਮਾਰਗਾਂ ਵਿੱਚੋਂ ਇਕ ਰਾਸ਼ਟਰੀ ਰਾਜਮਾਰਗ-54 ਜੋ ਤਰਨਤਾਰਨ ਜ਼ਿਲ੍ਹੇ ਵਿੱਚੋਂ ਲੰਘਦਾ ਹੋਇਆ ਇਲਾਕੇ ਦੇ ਕਈ ਪ੍ਰਮੁੱਖ ਕਸਬਿਆਂ ਅਤੇ ਸ਼ਹਿਰਾਂ ਨੂੰ ਆਪਸ ਵਿਚ ਜੋੜਦਾ ਹੈ, ਉੱਪਰ ਲੱਗੀਆਂ ਕਈ ਹਾਈਵੇ ਲਾਈਟਾਂ ਲੰਮੇ ਸਮੇਂ ਤੋਂ ਬੰਦ ਪਈਆਂ ਹੋਣ ਕਾਰਨ ਰਾਤ ਸਮੇਂ ਸਫ਼ਰ ਕਰਨ ਵਾਲੇ ਲੋਕਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਜੰਡਿਆਲਾ ਬਾਈਪਾਸ ਫਲਾਈਓਵਰ ਤੋਂ ਲੈ ਕੇ ਖਡੂਰ ਸਾਹਿਬ ਬਾਈਪਾਸ, ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ, ਅਲਾਦੀਨਪੁਰ, ਸ਼ੇਰੋਂ, ਸਰਹਾਲੀ ਅਤੇ ਹਰੀਕੇ ਤਕ ਕਈ ਅਹਿਮ ਥਾਵਾਂ ’ਤੇ ਰੌਸ਼ਨੀ ਦੀ ਕਮੀ ਕਾਰਨ ਹਾਈਵੇ ’ਤੇ ਹਨੇਰਾ ਛਾਇਆ ਰਹਿੰਦਾ ਹੈ। ਇਹ ਹਾਈਵੇ ਉੱਤਰ-ਪੱਛਮੀ ਭਾਰਤ ਦੇ ਆਵਾਜਾਈ ਨੈੱਟਵਰਕ ਦਾ ਅਹਿਮ ਹਿੱਸਾ ਹੈ ਅਤੇ ਇਸ ਮਾਰਗ ’ਤੇ ਹਰ ਰੋਜ਼ ਵੱਡੀ ਗਿਣਤੀ ਵਿਚ ਕਾਰਾਂ, ਬੱਸਾਂ, ਟਰੱਕਾਂ, ਟਰਾਲਿਆਂ, ਦੋ ਪਹੀਆ ਵਾਹਨਾਂ ਸਮੇਤ ਹੋਰ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਤਰਨਤਾਰਨ ਜ਼ਿਲ੍ਹੇ ਵਿਚ ਇਸ ਮਾਰਗ ’ਤੇ ਕਈ ਫਲਾਈਓਵਰ ਅਤੇ ਬਾਈਪਾਸ ਬਣੇ ਹੋਏ ਹਨ, ਜਿੱਥੇ ਰਾਤ ਸਮੇਂ ਰੌਸ਼ਨੀ ਦਾ ਸੁਚੱਜਾ ਪ੍ਰਬੰਧ ਸੜਕ ਸੁਰੱਖਿਆ ਪੱਖੋਂ ਬਹੁਤ ਮਹੱਤਵਪੂਰਨ ਹੈ। ਪਰ ਇਨ੍ਹਾਂ ਵਿੱਚੋਂ ਕਈ ਥਾਵਾਂ ’ਤੇ ਲਾਈਟਾਂ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਹਨੇਰੇ ਵਿਚ ਹੀ ਸਫ਼ਰ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਜੰਡਿਆਲਾ ਬਾਈਪਾਸ ਫਲਾਈਓਵਰ, ਖਡੂਰ ਸਾਹਿਬ ਬਾਈਪਾਸ ਫਲਾਈਓਵਰ, ਸ੍ਰੀ ਗੋਇੰਦਵਾਲ ਸਾਹਿਬ ਬਾਈਪਾਸ ਫਲਾਈਓਵਰ ਅਤੇ ਗੋਇੰਦਵਾਲ ਸਾਹਿਬ ਰੇਲਵੇ ਕਰਾਸਿੰਗ ਫਲਾਈਓਵਰ ’ਤੇ ਲੱਗੀਆਂ ਲਾਈਟਾਂ ਬੰਦ ਪਈਆਂ ਹਨ। ਇਸੇ ਤਰ੍ਹਾਂ ਅਲਾਦੀਨਪੁਰ ਵਿਖੇ ਬਣੇ ਫਲਾਈਓਵਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲੱਗੀਆਂ ਲਾਈਟਾਂ ਦਾ ਰੌਸ਼ਨੀ ਪ੍ਰਬੰਧ ਵੀ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੇਰੋਂ, ਸਰਹਾਲੀ ਅਤੇ ਹਰੀਕੇ ਵਿਖੇ ਬਣੇ ਫਲਾਈਓਵਰਾਂ ’ਤੇ ਵੀ ਰਾਤ ਸਮੇਂ ਲੋੜੀਂਦੀ ਰੌਸ਼ਨੀ ਨਾ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਰਾਤ ਸਮੇਂ ਫਲਾਈਓਵਰਾਂ ’ਤੇ ਲਾਈਟਾਂ ਬੰਦ ਹੋਣ ਕਾਰਨ ਖ਼ਾਸ ਕਰਕੇ ਉਨ੍ਹਾਂ ਵਾਹਨ ਚਾਲਕਾਂ ਨੂੰ ਮੁਸ਼ਕਲ ਆਉਂਦੀ ਹੈ ਜੋ ਪਹਿਲੀ ਵਾਰ ਇਸ ਰਸਤੇ ਤੋਂ ਲੰਘ ਰਹੇ ਹੁੰਦੇ ਹਨ। ਫਲਾਈਓਵਰਾਂ ’ਤੇ ਚੜ੍ਹਾਈ ਅਤੇ ਉਤਰਾਈ, ਮੋੜ, ਡਿਵਾਈਡਰ, ਸੜਕ ਦੇ ਕਿਨਾਰੇ ਖੜ੍ਹੇ ਵਾਹਨ ਅਤੇ ਅਚਾਨਕ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਹਨੇਰੇ ਵਿਚ ਦੇਰ ਨਾਲ ਦਿਖਾਈ ਦੇਣ ਕਾਰਨ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਦੋ ਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਹੋਰ ਵੀ ਚਿੰਤਾਜਨਕ ਬਣ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਪਹਿਲਾਂ ਵੀ ਵੱਖ-ਵੱਖ ਹਾਦਸੇ ਤੇ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇੱਥੇ ਕਈ ਬਲੈਕ ਸਪਾਟ ਵੀ ਹਨ। ਹਾਲਾਂਕਿ ਹਰ ਹਾਦਸੇ ਦਾ ਕਾਰਨ ਸਿਰਫ਼ ਹਨੇਰੇ ਨੂੰ ਨਹੀਂ ਮੰਨਿਆ ਜਾ ਸਕਦਾ, ਪਰ ਸੜਕ ’ਤੇ ਲੋੜੀਂਦੀ ਰੌਸ਼ਨੀ ਨਾ ਹੋਣ ਕਾਰਨ ਰਾਤ ਸਮੇਂ ਦਿੱਖ ਘਟਣ ਨਾਲ ਹਾਦਸੇ ਦਾ ਖ਼ਤਰਾ ਜ਼ਰੂਰ ਵਧ ਜਾਂਦਾ ਹੈ। ਖ਼ਾਸ ਕਰ ਕੇ ਤੇਜ਼ ਰਫ਼ਤਾਰ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਵਾਲੇ ਮਾਰਗ ’ਤੇ ਇਹ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ। ਇਨ੍ਹਾਂ ਹੀ ਨਹੀਂ ਡਿਵਾਈਡਰ ਵਿਚ ਬਣਾਏ ਗਏ ਅਣ ਅਧਿਕਾਰਤ ਕੱਟ ਵੀ ਰਾਤ ਸਮੇਂ ਹੋਰ ਖਤਰਨਾਕ ਹੋ ਜਾਂਦੇ ਹਨ। ਸਰਦੀ ਤੇ ਧੁੰਦ ਨੂੰ ਮੁੱਖ ਰੱਖਦਿਆਂ ਲਾਈਟਾਂ ਹੋਣ ਠੀਕ : ਖੇੜਾ ਸੜਕ ਹਾਦਸਿਆਂ ਵਿਚ ਕਮੀ ਲਿਆਉਣ ਲਈ ਯਤਨਸ਼ੀਲ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ਸਾਥ ਦੇ ਰਾਸ਼ਟਰੀ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਰਦੀ ਦੇ ਮੌਸਮ ਨੂੰ ਦੇਖਦਿਆਂ ਲੋਕਾਂ ਦੀ ਚਿੰਤਾ ਹੋਰ ਵਧ ਗਈ ਹੈ। ਤਰਨਤਾਰਨ ਜ਼ਿਲ੍ਹੇ ਸਮੇਤ ਪੰਜਾਬ ਦੇ ਇਸ ਇਲਾਕੇ ਵਿਚ ਸਵੇਰੇ ਅਤੇ ਰਾਤ ਸਮੇਂ ਧੁੰਦ ਪੈਣ ਕਾਰਨ ਦਿੱਖ ਕਾਫ਼ੀ ਘੱਟ ਹੋ ਜਾਂਦੀ ਹੈ। ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਪਹਿਲਾਂ ਹੀ ਸੜਕ ’ਤੇ ਸਾਹਮਣੇ ਆ ਰਹੇ ਵਾਹਨਾਂ ਅਤੇ ਹੋਰ ਵਸਤੂਆਂ ਨੂੰ ਦੇਖਣ ਵਿਚ ਮੁਸ਼ਕਲ ਹੁੰਦੀ ਹੈ। ਅਜਿਹੇ ਵਿਚ ਜੇਕਰ ਫਲਾਈਓਵਰਾਂ ਅਤੇ ਹਾਈਵੇ ਦੇ ਅਹਿਮ ਹਿੱਸਿਆਂ ’ਤੇ ਲਾਈਟਾਂ ਵੀ ਬੰਦ ਹੋਣ ਤਾਂ ਸੜਕ ਸੁਰੱਖਿਆ ਨਾਲ ਜੁੜੀ ਚਿੰਤਾ ਹੋਰ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਮਾਰਗ ’ਤੇ ਲਾਈਟਾਂ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਨਿਯਮਤ ਸਾਂਭ-ਸੰਭਾਲ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਜੇਕਰ ਕਿਸੇ ਲਾਈਟ ਵਿਚ ਸਮੱਸਿਆ ਹੈ ਤਾਂ ਉਸ ਨੂੰ ਸਮੇਂ ਸਿਰ ਠੀਕ ਕੀਤਾ ਜਾਣਾ ਚਾਹੀਦਾ ਹੈ। ਸਾਰੇ ਅਹਿਮ ਪੁਆਇੰਟਾਂ ਦਾ ਨਿਰੀਖਣ ਕਰ ਕੇ ਲਾਈਟਾਂ ਠੀਕ ਕਰਵਾਈਆਂ ਜਾਣ : ਤੱਖੂਚੱਕ ਉੱਘੇ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਵੱਲੋਂ ਨੈਸ਼ਨਲ ਹਾਈਵੇ ’ਤੇ ਤਰਨਤਾਰਨ ਜ਼ਿਲ੍ਹੇ ਦੀ ਹੱਦ ਵਿਚ ਪੈਂਦੇ ਸਾਰੇ ਫਲਾਈਓਵਰਾਂ ਅਤੇ ਅਹਿਮ ਪੁਆਇੰਟਾਂ ਦਾ ਵਿਸ਼ੇਸ਼ ਨਿਰੀਖਣ ਕਰਵਾਇਆ ਜਾਵੇ। ਜੰਡਿਆਲਾ ਬਾਈਪਾਸ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਗੋਇੰਦਵਾਲ ਰੇਲਵੇ ਕਰਾਸਿੰਗ, ਅਲਾਦੀਨਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ੇਰੋਂ, ਸਰਹਾਲੀ ਅਤੇ ਹਰੀਕੇ ਸਮੇਤ ਜਿੱਥੇ ਵੀ ਲਾਈਟਾਂ ਬੰਦ ਹਨ, ਉੱਥੇ ਤੁਰੰਤ ਤਕਨੀਕੀ ਜਾਂਚ ਕਰਵਾ ਕੇ ਰੌਸ਼ਨੀ ਦਾ ਪ੍ਰਬੰਧ ਬਹਾਲ ਕੀਤਾ ਜਾਵੇ। ਇਹ ਹਾਈਵੇ ਸਿਰਫ਼ ਸਥਾਨਕ ਆਵਾਜਾਈ ਲਈ ਹੀ ਨਹੀਂ, ਸਗੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲਾ ਮਹੱਤਵਪੂਰਨ ਮਾਰਗ ਹੈ। ਇਸ ਲਈ ਇਸ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਵੱਲ ਲਗਾਤਾਰ ਧਿਆਨ ਦੇਣਾ ਜ਼ਰੂਰੀ ਹੈ।