ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਕ ਜੋੜ ਮੇਲੇ ’ਤੇ ਨਿਹੰਗ ਸਿੰਘਾਂ ਨੇ ਮਹੱਲਾ ਕੱਢਿਆ ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਕ ਜੋੜ ਮੇਲੇ ’ਤੇ ਨਿਹੰਗ ਸਿੰਘਾਂ ਨੇ ਮਹੱਲਾ ਕੱਢਿਆ
Publish Date: Sun, 27 Sep 2026 06:22 PM (IST)
Updated Date: Sun, 27 Sep 2026 06:24 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਕ ਜੋੜ ਮੇਲੇ ਦੇ ਆਖਰੀ ਦਿਨ ਦਸਮੇਸ਼ ਤਰਨਾ ਦਲ ਵੱਲੋਂ ਦਲਪੰਥ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸ਼ਾਨਦਾਰ ਮਹੱਲਾ ਕੱਢਿਆ ਗਿਆ। ਮਹੱਲੇ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਨੇ ਰਵਾਇਤੀ ਖਾਲਸਾਈ ਜੰਗੀ ਖੇਡਾਂ ਦੇ ਜੌਹਰ ਦਿਖਾ ਕੇ ਸੰਗਤ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਅਤੇ ਯੋਧਾ ਪਰੰਪਰਾਵਾਂ ਨਾਲ ਜੋੜਿਆ। ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹੱਲੇ ਵਿਚ ਸ਼ਾਮਿਲ ਹੋਣ ਉਪਰੰਤ ਜਾਰੀ ਬਿਆਨ ਵਿਚ ਦੱਸਿਆ ਕਿ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਪੱਤਣ ਮੈਣੀ ਕਲਾਂ ਨੇੜੇ ਬਾਬਾ ਸਾਹਿਬ ਸ਼ਾਹ ਹੁਸੈਨ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਭੋਗ, ਅਰਦਾਸ ਅਤੇ ਪਾਵਨ ਹੁਕਮਨਾਮੇ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਪ੍ਰਚਾਰਕਾਂ ਨੇ ਸੰਗਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਇਤਿਹਾਸ ਤੋਂ ਜਾਣੂੰ ਕਰਵਾਇਆ। ਦੁਪਹਿਰ ਸਮੇਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫ਼ੌਜਾਂ ਘੋੜਿਆਂ ’ਤੇ ਸਵਾਰ ਹੋ ਕੇ ਅਤੇ ਨੇਜ਼ਿਆਂ, ਬਰਛਿਆਂ, ਬਰਛੀਆਂ, ਖੰਡਿਆਂ, ਦੋ ਧਾਰੀਆਂ ਅਤੇ ਕਿਰਪਾਨਾਂ ਸਮੇਤ ਰਵਾਇਤੀ ਜੰਗੀ ਹਥਿਆਰਾਂ ਨਾਲ ਲੈਸ ਹੋ ਕੇ ਮਹੱਲੇ ਵਿਚ ਸ਼ਾਮਲ ਹੋਈਆਂ। ਇਤਿਹਾਸਕ ਗੁਰਦੁਆਰਿਆਂ ਵਿਚ ਨਤਮਸਤਕ ਹੋਣ ਉਪਰੰਤ ਮਹੱਲਾ ਸਥਾਨਕ ਸਟੇਡੀਅਮ ਵਿਖੇ ਪਹੁੰਚਿਆ, ਜਿੱਥੇ ਨਿਹੰਗ ਸਿੰਘਾਂ ਨੇ ਨੇਜ਼ਾਬਾਜ਼ੀ, ਗਤਕਾ, ਘੋੜਸਵਾਰੀ, ਪੈਂਤੜੇ ਕੱਢਣ, ਨੰਗੀਆਂ ਤਲਵਾਰਾਂ ਨਾਲ ਗਤਕੇ ਦੇ ਜੌਹਰ, ਕਿੱਲੀ ਅਤੇ ਕਿੱਲ੍ਹਾ ਪੁੱਟਣ ਅਤੇ ਕਿੱਲ੍ਹਾ ਫ਼ਤਹਿ ਕਰਨ ਸਮੇਤ ਵੱਖ-ਵੱਖ ਖਾਲਸਾਈ ਜੰਗੀ ਖੇਡਾਂ ਦਾ ਪ੍ਰਦਰਸ਼ਨ ਕੀਤਾ। ਘੋੜਿਆਂ ਦੀਆਂ ਦੌੜਾਂ ਨੇ ਵੀ ਸੰਗਤ ਦਾ ਧਿਆਨ ਖਿੱਚਿਆ। ਮਹੱਲੇ ਵਿਚ ਭਾਗ ਲੈਣ ਵਾਲੀਆਂ ਨਿਹੰਗ ਸਿੰਘ ਫ਼ੌਜਾਂ ਨੂੰ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਮਾਇਆ ਦੇ ਗੱਫੇ ਇਨਾਮ ਵਜੋਂ ਦਿੱਤੇ ਗਏ ਅਤੇ ਮੁੱਖ ਜਥੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਮੁਖੀ ਇੰਟਰਨੈਸ਼ਨਲ ਉਦਾਸੀਨ ਟਕਸਾਲ, ਘੋੜਿਆਂ ਦੇ ਜਥੇਦਾਰ ਬਾਬਾ ਰਵੇਲ ਸਿੰਘ, ਬਾਬਾ ਰਣਜੀਤ ਸਿੰਘ ਲੰਗਰਾਂ ਵਾਲੇ, ਗਿਆਨੀ ਅਰਸ਼ਦੀਪ ਸਿੰਘ ਸੋਢੀ, ਜਥੇਦਾਰ ਜਸਪ੍ਰੀਤ ਸਿੰਘ ਕਪੂਰਥਲਾ, ਸੰਤ ਬਾਬਾ ਮਾਹਵਾਂ ਸਿੰਘ ਕਾਰ ਸੇਵਾ ਵਾਲੇ, ਜਥੇਦਾਰ ਗੁਰਿੰਦਰ ਸਿੰਘ ਫੌਜੀ, ਬਾਬਾ ਸ਼ਵਿੰਦਰ ਸਿੰਘ ਵਾਹਵਰੋਲਾ, ਜਥੇਦਾਰ ਬਾਬਾ ਰਣਜੀਤ ਸਿੰਘ ਮੀਕੇ, ਬਾਬਾ ਬਲਦੇਵ ਸਿੰਘ ਗਹਿਰੀ, ਬੀਬੀ ਜਸਮੀਤ ਕੌਰ ਖਾਲਸਾ ਅਤੇ ਬਾਬਾ ਸੰਦੀਪ ਸਿੰਘ ਸਮੇਤ ਸੈਂਕੜੇ ਜਥੇਦਾਰ ਅਤੇ ਹਜ਼ਾਰਾਂ ਨਿਹੰਗ ਸਿੰਘ ਹਾਜ਼ਰ ਸਨ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਦੇਗਾਂ ਤੇ ਸ਼ਰਦਾਈਆਂ ਦੇ ਪ੍ਰਸ਼ਾਦ ਦੀ ਸੇਵਾ ਵੀ ਕੀਤੀ ਗਈ।