ਪੁੱਤਰ ਨਾਲ ਦਵਾਈ ਲੈਣ ਜਾ ਰਹੀ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ ਪੁੱਤਰ ਨਾਲ ਦਵਾਈ ਲੈਣ ਜਾ ਰਹੀ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ
Publish Date: Sun, 27 Sep 2026 05:39 PM (IST)
Updated Date: Sun, 27 Sep 2026 05:42 PM (IST)
ਦੋ ਝਪਟਮਾਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਨਾਨਕਸਰ ਵਿਖੇ ਆਪਣੇ ਪੁੱਤਰ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਜਾ ਰਹੀ ਬਜ਼ੁਰਗ ਔਰਤ ਨੂੰ ਪਲਸਰ ਸਵਾਰ ਦੋ ਨਕਾਬਪੋਸ਼ ਝਪਟਮਾਰਾਂ ਨੇ ਨਿਸ਼ਾਨਾ ਬਣਾਉਂਦਿਆਂ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਫਰਾਰ ਹੋ ਗਏ। ਔਰਤ ਦੇ ਪੁੱਤਰ ਨੇ ਉਨ੍ਹਾਂ ਦਾ ਪਿੱਛਾ ਕਰਨ ਦਾ ਯਤਨ ਕੀਤਾ ਪਰ ਉਹ ਹੱਥੇ ਨਾ ਚੜ੍ਹੇ। ਉਨ੍ਹਾਂ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਰਨਤਾਰਨ ਵਿਖੇ ਇੰਟਰਨੈੱਟ ਸੇਵਾਵਾਂ ਦਾ ਕਾਰੋਬਾਰ ਕਰਦੇ ਹੋਏ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਨਿਰਮਲਾ ਦੇਵੀ ਪਤਨੀ ਸੋਮਨਾਥ ਵਾਸੀ ਮੁਹੱਲਾ ਨਾਨਕਸਰ ਉਸ ਦੇ ਛੋਟੇ ਭਰਾ ਅਮਨਦੀਪ ਸ਼ਰਮਾ ਨਾਲ ਮੋਟਰਸਾਈਕਲ ’ਤੇ ਡਾਕਟਰ ਕੋਲੋਂ ਦਵਾਈ ਲੈਣ ਲਈ ਜਾ ਰਹੇ ਸੀ। ਉਨ੍ਹਾਂ ਦੇ ਪਿੱਛੋਂ ਪਲਸਰ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਆਏ ਅਤੇ ਉਸ ਦੇ ਮਾਤਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਮਾਤਾ ਡਿੱਗ ਗਏ ਤੇ ਕੁਝ ਸੱਟਾਂ ਵੀ ਲੱਗੀਆਂ। ਗਗਨਦੀਪ ਨੇ ਕਿਹਾ ਕਿ ਲੁਟੇਰਿਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ, ਪਰ ਉਹ ਫਰਾਰ ਹੋਣ ਵਿਚ ਸਫ਼ਲ ਹੋ ਗਏ। ਉਨ੍ਹਾਂ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਗਗਨਦੀਪ ਨੇ ਇਹ ਵੀ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਏ ਪਲਸਰ ਮੋਟਰਸਾਈਕਲ ਦੇ ਨੰਬਰ ਦੀ ਜਾਂਚ ਤੋਂ ਬਾਅਦ ਉਹ ਹਿਮਾਚਲ ਪ੍ਰਦੇਸ਼ ਦਾ ਨਿਕਲਿਆ ਹੈ।