ਭਾਜਪਾ ਹੀ ਕਰੇਗੀ ਪੰਜਾਬ ਨੂੰ ਨਸ਼ਾ-ਮੁਕਤ, ‘ਆਪ’ ਤੇ ਕਾਂਗਰਸ ਨੇ ਦਿੱਤੇ ਸਿਰਫ਼ ਝੂਠੇ ਲਾਰੇ : ਔਲਖ ਭਾਜਪਾ ਹੀ ਕਰੇਗੀ ਪੰਜਾਬ ਨੂੰ ਨਸ਼ਾ-ਮੁਕਤ, 'ਆਪ' ਤੇ ਕਾਂਗਰਸ ਨੇ ਦਿੱਤੇ ਸਿਰਫ਼ ਝੂਠੇ ਲਾਰੇ- ਬਲਦੇਵ ਸਿੰਘ ਔਲਖ
Publish Date: Sun, 27 Sep 2026 05:17 PM (IST)
Updated Date: Sun, 27 Sep 2026 05:18 PM (IST)
ਕਿਹਾ, ਪੰਜਾਬ ’ਚ ਡਬਲ ਇੰਜਣ ਸਰਕਾਰ ਆਉਂਦਿਆਂ ਹੀ ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਰਹੱਦੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਤਰਨਤਾਰਨ, ਖਡੂਰ ਸਾਹਿਬ, ਖੇਮਕਰਨ ਅਤੇ ਪੱਟੀ ਵਿਚ ਪਹੁੰਚੀ। ਖੇਮਕਰਨ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਪੀ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਨੇ ਮੌਜੂਦਾ ਆਮ ਆਦਮੀ ਪਾਰਟੀ ਅਤੇ ਪਿਛਲੀ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਕੋਹੜ ਸਿਰਫ਼ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਹੀ ਜੜ੍ਹੋਂ ਪੁੱਟ ਸਕਦੀ ਹੈ। ਉਨ੍ਹਾਂ ਕਿਹਾ ਇਹ ਕੋਈ ਸਿਆਸੀ ਸਟੰਟ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਨੂੰ ਬਚਾਉਣ ਦਾ ਪਵਿੱਤਰ ਸੰਕਲਪ ਹੈ। ਔਲਖ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਤਿੰਨ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦਿੱਤੀ ਸੀ। ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਦਿਨ-ਦਿਹਾੜੇ ਮੌਤ ਦੇ ਮੂੰਹ ਵਿਚ ਜਾ ਰਹੀ ਹੈ। ਪੁਲਿਸ ਦਾ ਇਕ ਵੱਡਾ ਹਿੱਸਾ ਨਸ਼ਾ ਤਸਕਰਾਂ ਨਾਲ ਰਲਿਆ ਹੋਇਆ ਹੈ ਅਤੇ ਸੱਚ ਬੋਲਣ ਵਾਲਿਆਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਯੋਗੀ ਸਰਕਾਰ ਦਾ ਹਵਾਲਾ ਦਿੰਦਿਆਂ ਔਲਖ ਨੇ ਕਿਹਾ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਮਾਫ਼ੀਆ, ਗੈਂਗਸਟਰਵਾਦ ਅਤੇ ਫ਼ਿਰੌਤੀ ਦਾ ਗੜ੍ਹ ਸੀ। ਭਾਜਪਾ ਨੇ ਸੱਤਾ ਵਿਚ ਆਉਂਦਿਆਂ ਮਹਿਜ਼ ਦੋ ਮਹੀਨਿਆਂ ਵਿਚ ਪੁਲਿਸ ਨੂੰ ਖੁੱਲ੍ਹ ਦੇ ਕੇ ਗੈਂਗਸਟਰਾਂ ਦੀ ਲੱਕ ਤੋੜ ਦਿੱਤੀ। ਜੇਕਰ ਯੂਪੀ ਵਰਗੇ ਵਿਸ਼ਾਲ ਸੂਬੇ ਵਿਚ ਅਪਰਾਧੀਆਂ ਨੂੰ ਨੱਥ ਪਾਈ ਜਾ ਸਕਦੀ ਹੈ ਤਾਂ ਪੰਜਾਬ ਵਿਚ ਇਹ ਕੰਮ ਚੁਟਕੀਆਂ ’ਚ ਹੋ ਸਕਦਾ ਹੈ। ਅੱਜ ਯੂਪੀ ਵਿਕਾਸ ਦਾ ਮਾਡਲ ਬਣ ਚੁੱਕਾ ਹੈ। ਉਨ੍ਹਾਂ ਗਰਜਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੇ ਹੀ 2 ਤੋਂ 3 ਮਹੀਨਿਆਂ ਅੰਦਰ ਨਸ਼ਾ ਤਸਕਰ ਜਾਂ ਤਾਂ ਜੇਲ੍ਹ ਵਿਚ ਹੋਣਗੇ ਜਾਂ ਪੰਜਾਬ ਛੱਡ ਚੁੱਕੇ ਹੋਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਖ਼ੁਸ਼ਹਾਲ ਪੰਜਾਬ ਨੂੰ ਸਿਆਸੀ ਪਾਰਟੀਆਂ ਨੇ ਲੁੱਟ ਕੇ ਕੰਗਾਲ ਕਰ ਦਿੱਤਾ ਹੈ। ‘ਆਪ’ ਅਤੇ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਵੋਟਾਂ ਬਟੋਰੀਆਂ ਤੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਜਿਸ ਪੰਜਾਬ ਪੁਲਿਸ ਦੀ ਬਹਾਦਰੀ ਦਾ ਡੰਕਾ ਪੂਰੇ ਦੇਸ਼ ਵਿਚ ਵੱਜਦਾ ਸੀ, ਅੱਜ ਉਸ ਦੇ ਕੁਝ ਅਧਿਕਾਰੀਆਂ ਨੂੰ ਨਸ਼ਾ ਮਾਫ਼ੀਆ ਦੀ ਢਾਲ ਬਣਾ ਦਿੱਤਾ ਗਿਆ ਹੈ। ਪਰ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਅਤੇ ਉਹ ਬੈਲਟ ਰਾਹੀਂ ਇਨ੍ਹਾਂ ਧੋਖੇਬਾਜ਼ਾਂ ਨੂੰ ਮੂੰਹ-ਤੋੜ ਜਵਾਬ ਦੇਣਗੇ। ਇਸ ਮੌਕੇ ਸੀਨੀਅਰ ਆਗੂ ਮੀਨਾ ਤਰਨੈਚ, ਰਵੀਕਰਨ ਸਿੰਘ ਕਾਹਲੋਂ, ਸਤਨਾਮ ਸਿੰਘ ਭੁੱਲਰ, ਲਵਪ੍ਰੀਤ ਸਿੰਘ, ਹਰਜੀਤ ਸਿੰਘ ਸੰਧੂ, ਨਰੇਸ਼ ਸ਼ਰਮਾ, ਅਨੂਪ ਸਿੰਘ ਭੁੱਲਰ, ਸਿਤਾਰਾ ਸਿੰਘ ਡਲੀਰੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਸਥਾਨਕ ਲੋਕ ਮੌਜੂਦ ਸਨ।