ਵਾਅਦਾ ਤਿੰਨ ਮਹੀਨਿਆਂ ਦਾ, ਉਡੀਕ ਸਾਢੇ ਚਾਰ ਸਾਲਾਂ ਦੀ, ਫਿਰ ਵੀ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ : ਔਲਖ ਵਾਅਦਾ ਤਿੰਨ ਮਹੀਨਿਆਂ ਦਾ, ਉਡੀਕ ਸਾਢੇ ਚਾਰ ਸਾਲਾਂ ਦੀ, ਫਿਰ ਵੀ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ: ਬਲਦੇਵ ਸਿੰਘ ਔਲਖ
Publish Date: Sat, 26 Sep 2026 08:11 PM (IST)
Updated Date: Sat, 26 Sep 2026 08:12 PM (IST)
ਨਸ਼ਾ ਮੁਕਤ ਪੰਜਾਬ ਲਈ ਪੰਜਾਬੀਆਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ : ਸੰਧੂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 9ਵੇਂ ਦਿਨ ਤਰਨਤਾਰਨ ਵਿਖੇ ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੁਣ ਹਰ ਪੰਜਾਬੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 2022 ਵਿਚ ਤਿੰਨ ਮਹੀਨਿਆਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਲ ਬੀਤਦੇ ਗਏ ਅਤੇ ਨਸ਼ਾ ਘਟਣ ਦੀ ਬਜਾਏ ਪੰਜਾਬ ਦੇ ਪਰਿਵਾਰਾਂ ਦਾ ਦਰਦ ਵਧਦਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੱਲ ਰਹੀ ਇਹ ਯਾਤਰਾ ਕੋਈ ਸਿਆਸੀ ਰਸਮ ਨਹੀਂ, ਸਗੋਂ ਪੰਜਾਬ ਦੀ ਪੀੜ੍ਹੀ ਨੂੰ ਬਚਾਉਣ ਦਾ ਲੋਕ ਅੰਦੋਲਨ ਹੈ। ਔਲਖ ਨੇ ਕਿਹਾ ਕਿ ਜਦੋਂ ਸਰਕਾਰ ਦੀ ਨੀਅਤ ਅਤੇ ਇੱਛਾ-ਸ਼ਕਤੀ ਸਾਫ਼ ਹੋਵੇ ਤਾਂ ਪੁਲਿਸ ਨੂੰ ਨਸ਼ੇ ਦੇ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ‘ਪੁਲਿਸ ਨੂੰ ਪਤਾ ਹੈ ਕਿ ਨਸ਼ਾ ਕਿੱਥੇ ਵਿਕਦਾ ਹੈ ਅਤੇ ਕਿੱਥੋਂ ਆਉਂਦਾ ਹੈ, ਲੋੜ ਸਿਰਫ਼ ਸਿਆਸੀ ਹੌਸਲੇ ਦੀ ਹੈ।’ ਉੱਤਰ ਪ੍ਰਦੇਸ਼ ਦੀ ਉਦਾਹਰਨ ਦਿੰਦਿਆਂ ਔਲਖ ਨੇ ਕਿਹਾ ਕਿ 2017 ਤੋਂ ਬਾਅਦ ਯੋਗੀ ਸਰਕਾਰ ਨੇ ਕਾਨੂੰਨ-ਵਿਵਸਥਾ ਨੂੰ ਤਰਜੀਹ ਦਿੱਤੀ ਅਤੇ ਗੁੰਡਾਗਰਦੀ, ਗੈਂਗਵਾਰ ਤੇ ਗ਼ੈਰਕਨੂੰਨੀ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੀ ਸਮਰੱਥ ਹੈ, ਉਸ ਨੂੰ ਸਿਰਫ਼ ਸਿਆਸੀ ਦਖ਼ਲ ਤੋਂ ਮੁਕਤ ਹੋ ਕੇ ਕੰਮ ਕਰਨ ਦਾ ਹੌਸਲਾ ਦੇਣ ਦੀ ਲੋੜ ਹੈ। ਭਾਵੁਕ ਹੁੰਦਿਆਂ ਔਲਖ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਅਤੇ ਰੱਖਿਆ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀ ਧਰਤੀ ’ਤੇ ਅੱਜ ਜੇਕਰ ਮਾਵਾਂ ਨੂੰ ਆਪਣੇ ਨਸ਼ੇੜੀ ਬੱਚਿਆਂ ਦਾ ਦਰਦ ਸਹਿਣਾ ਪੈ ਰਿਹਾ ਹੈ ਤਾਂ ਇਹ ਸਾਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਪੀਲ ਕੀਤੀ ਕਿ ‘ਕਿਸੇ ਇਕ ਘਰ ਦਾ ਬੱਚਾ ਨਹੀਂ, ਪੰਜਾਬ ਦਾ ਹਰ ਬੱਚਾ ਸਾਡਾ ਬੱਚਾ ਹੈ, ਅੱਜ ਨਾ ਜਾਗੇ ਤਾਂ ਕੱਲ੍ਹ ਇਹ ਦਰਦ ਕਿਸੇ ਹੋਰ ਘਰ ਦੀ ਵਾਰੀ ਹੋ ਸਕਦਾ ਹੈ।’ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਇੰਚਾਰਜ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ, ਸੁਰੱਖਿਅਤ ਅਤੇ ਖ਼ੁਸ਼ਹਾਲ ਬਣਾਉਣ ਲਈ ਪੰਜਾਬੀਆਂ ਨੂੰ ਇਸ ਮੁਹਿੰਮ ਨਾਲ ਖ਼ੁਦ ਜੁੜਨਾ ਪਵੇਗਾ। ਸੰਧੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿਚ ਧੱਕਣਾ ਸਿਰਫ਼ ਸਮਾਜਿਕ ਨਹੀਂ, ਸਗੋਂ ਪੰਜਾਬ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਡ੍ਰੋਨਾਂ ਰਾਹੀਂ ਨਸ਼ਾ ਭੇਜ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦਾ ਜਵਾਨ ਸਰਹੱਦ ’ਤੇ ਦੇਸ਼ ਦੀ ਰੱਖਿਆ ਕਰਦਾ ਆਇਆ ਹੈ, ਇਸ ਲਈ ਸਾਨੂੰ ਇਕਜੁੱਟ ਹੋ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨੀ ਪਵੇਗੀ। ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਧਾਰਾ 370 ਹਟਾਉਣ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਸਨ ਕਿ ਇਹ ਕਦੇ ਸੰਭਵ ਨਹੀਂ ਹੋਵੇਗਾ ਅਤੇ ਇਸ ਨਾਲ ਖ਼ੂਨ ਦੀਆਂ ਨਦੀਆਂ ਵਹਿ ਜਾਣਗੀਆਂ। ਪਰ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦੀ ਅਗਵਾਈ ਹੇਠ ਧਾਰਾ 370 ਹਟਾਈ ਗਈ ਅਤੇ ਦੇਸ਼ ਵਿਚ ਕੋਈ ਅਜਿਹੀ ਸਥਿਤੀ ਨਹੀਂ ਬਣੀ, ਜਿਸ ਦਾ ਡਰ ਵਿਰੋਧੀਆਂ ਵੱਲੋਂ ਦਿਖਾਇਆ ਜਾਂਦਾ ਸੀ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ, ਉਸ ਨੂੰ ਪੂਰਾ ਕਰਨ ਲਈ ਕੰਮ ਕਰਦੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਵੀ ਭਾਜਪਾ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ’ ਦੇ ਟੀਚੇ ਲਈ ਪੰਜਾਬ ਦੀ ਜਨਤਾ ਨੂੰ ਵੀ ਭਾਜਪਾ ਦੇ ਇਸ ਅਭਿਆਨ ਨਾਲ ਜੁੜਨਾ ਚਾਹੀਦਾ ਹੈ। ਜ਼ਿਲ੍ਹਾ ਇੰਚਾਰਜ ਤੇ ਸੂਬਾਈ ਬੁਲਾਰੇ ਨਰੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਕੇ ਨੌਜਵਾਨਾਂ ਨੂੰ ਸਿਹਤਮੰਦ, ਸੁਰੱਖਿਅਤ ਅਤੇ ਬਿਹਤਰ ਭਵਿੱਖ ਦੇਣਾ ਸਮੇਂ ਦੀ ਲੋੜ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੁੱਲਰ, ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ, ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ, ਕਿਸਾਨ ਮੋਰਚਾ ਪ੍ਰਧਾਨ ਅਵਤਾਰ ਸਿੰਘ, ਘੱਟ ਗਿਣਤੀ ਮੋਰਚਾ ਪ੍ਰਧਾਨ ਸਲੀਮ ਅਹਿਮਦ, ਮੀਤ ਪ੍ਰਧਾਨ ਕੈਪਟਨ ਪੂਰਨ ਸਿੰਘ, ਸਕੱਤਰ ਸਵਿੰਦਰ ਸਿੰਘ, ਸਕੱਤਰ ਬਿਕਰਮ ਅਰੋੜਾ, ਅਮਨ ਅਰੋੜਾ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਕਨਵਰਦੀਪ ਸਿੰਘ, ਭੋਲਾ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਦਿਲਬਾਗ ਸਿੰਘ, ਮਨਜਿੰਦਰ ਸਿੰਘ, ਲਾਡੀ ਦਬੁਰਜੀ, ਜਸਬੀਰ ਸਿੰਘ, ਜੱਬਰ ਸਿੰਘ, ਰਾਮੇਸ਼ ਕਲਸੀ, ਹਰਪ੍ਰੀਤ ਸਿੰਘ ਖਾਲਸਾ, ਜਸਵਿੰਦਰ ਸਿੰਘ, ਅਮਨ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ। ਨਸ਼ੇ ਨੇ ਮੇਰਾ ਘਰ ਕੀਤਾ ਬਰਬਾਦ : ਗੁਰਮੀਤ ਕੌਰ ਇਸ ਮੌਕੇ ਚੰਦੋ ਦੀ ਸਰਹਾਲੀ ਤੋਂ ਆਈ ਇਕ ਮਾਤਾ ਗੁਰਮੀਤ ਕੌਰ ਨੇ ਦਰਦਨਾਕ ਗੱਲ ਸਾਂਝੀ ਕੀਤੀ ਕਿ ‘ਮੇਰਾ ਇਕ ਪੁੱਤਰ ਨਸ਼ੇ ਦਾ ਟੀਕਾ ਲਾ ਕੇ ਮਰ ਗਿਆ, ਦੂਜਾ ਅੱਜ ਵੀ ਮੇਰੇ ਸਾਹਮਣੇ ਨਸ਼ਾ ਕਰਦਾ ਹੈ। ਮੈਂ ਮਾਂ ਹੋ ਕੇ ਆਪਣੇ ਬੱਚੇ ਨੂੰ ਇਸ ਤਰ੍ਹਾਂ ਤਬਾਹ ਹੁੰਦਾ ਕਿਵੇਂ ਵੇਖਾਂ? ਅਸੀਂ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਸੀ, ਪਰ ਨਸ਼ੇ ਨੇ ਸਾਡਾ ਘਰ ਉਜਾੜ ਦਿੱਤਾ ਹੋਰਨਾਂ ਘਰਾਂ ਨੂੰ ਤਬਾਹ ਕਰ ਰਿਹਾ ਹੈ। ਮਾਨ ਸਰਕਾਰ ਅਤੇ ਵਿਧਾਇਕ ਭੁੱਲਰ ਨੇ ਵੀ ਕੁਝ ਨਹੀਂ ਕੀਤਾ। ਉਸ ਦੀ ਇੱਕੋ ਅਪੀਲ ਹੈ-ਨਸ਼ਾ ਬੰਦ ਕਰੋ ਤਾਂ ਜੋ ਕਿਸੇ ਹੋਰ ਮਾਂ ਦੀ ਗੋਦ ਨਾ ਉੱਜੜੇ’।