ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਸ੍ਰੀ ਗੋਇੰਦਵਾਲ ਸਾਹਿਬ ’ਚ ਸੰਗਤਾਂ ਦਾ ਸੈਲਾਬ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਸ੍ਰੀ ਗੋਇੰਦਵਾਲ ਸਾਹਿਬ ’ਚ ਸੰਗਤਾਂ ਦਾ ਸੈਲਾਬ
Publish Date: Sat, 26 Sep 2026 07:38 PM (IST)
Updated Date: Sat, 26 Sep 2026 07:39 PM (IST)
ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਵੱਡੀ ਗਿਣਤੀ ’ਚ ਸ਼ਰਧਾਲੂ ਹੋਏ ਨਤਮਸਤਕ, ਧਾਰਮਿਕ ਦੀਵਾਨਾਂ ’ਚ ਭਰੀਆਂ ਹਾਜ਼ਰੀਆਂ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲਾ ਜੱਗ ਦੇ ਅਖੀਰਲੇ ਦਿਨ ਇਤਿਹਾਸਕ ਨਗਰੀ ’ਚ ਸ਼ਰਧਾ ਤੇ ਉਤਸ਼ਾਹ ਦਾ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ। ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੀਸ ਨਿਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਪਵਿੱਤਰ ਬਾਉਲੀ ਸਾਹਿਬ ਵਿਚ ਇਸ਼ਨਾਨ ਕੀਤਾ। ਇਸ਼ਨਾਨ ਕਰਨ ਲਈ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਵੀ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਪੰਥ ਦੇ ਪ੍ਰਸਿੱਧ ਕਥਾ ਵਾਚਕਾਂ, ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਗੁਰੂ ਸਾਹਿਬਾਨ ਦੇ ਇਤਿਹਾਸ, ਗੁਰਬਾਣੀ ਅਤੇ ਸਿੱਖੀ ਦੇ ਗੌਰਵਮਈ ਵਿਰਸੇ ਨਾਲ ਸੰਗਤਾਂ ਨੂੰ ਜੋੜਿਆ। ਬੁਲਾਰਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਿੱਖ ਕੌਮ ਦੀ ਚੜ੍ਹਦੀ ਕਲਾ, ਸਰਬੱਤ ਦੇ ਭਲੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਲਈ ਅਰਦਾਸ ਵੀ ਕੀਤੀ ਗਈ। ਨਿਹੰਗ ਸਿੰਘਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਕੱਢਿਆ ਮਹੱਲਾ ਜੋੜ ਮੇਲੇ ਦੌਰਾਨ ਦਲ ਬਾਬਾ ਬਿਧੀ ਚੰਦ ਜੀ ਸੰਪਰਦਾਇ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਅਤੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਬਾਬਾ ਜੋਗਾ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰੂ ਘਰ ਵਿਖੇ ਨਤਮਸਤਕ ਹੋਣ ਉਪਰੰਤ ਖ਼ਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਿਆ ਗਿਆ। ਨਿਹੰਗ ਸਿੰਘ ਹਾਥੀਆਂ ਅਤੇ ਘੋੜਿਆਂ ’ਤੇ ਸਵਾਰ ਹੋ ਕੇ ਰਵਾਇਤੀ ਸ਼ਸਤਰਾਂ ਨਾਲ ਸਜੇ ਹੋਏ ਮਹੱਲੇ ਵਿਚ ਸ਼ਾਮਿਲ ਹੋਏ। ਇਸ ਦੌਰਾਨ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਘੋੜ ਸਵਾਰੀ ਅਤੇ ਨੇਜਾਬਾਜ਼ੀ ਦੇ ਜੌਹਰ ਵਿਖਾਏ ਗਏ, ਜਿਸ ਨੂੰ ਦੇਖਣ ਲਈ ਸੰਗਤਾਂ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਗਿਆ। ਪ੍ਰਬੰਧਕਾਂ ਨੇ ਸੰਗਤ ਦੀ ਸਹੂਲਤ ਲਈ ਕੀਤੇ ਪੁਖਤਾ ਪ੍ਰਬੰਧ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਮੁੰਡਾ ਪਿੰਡ, ਮੀਤ ਮੈਨੇਜਰ ਗੁਰਪ੍ਰੀਤ ਸਿੰਘ, ਅਕਾਊਂਟੈਂਟ ਲਵਪ੍ਰੀਤ ਸਿੰਘ, ਹੈੱਡ ਗ੍ਰੰਥੀ ਬਾਬਾ ਗੁਰਮੁੱਖ ਸਿੰਘ, ਖਜ਼ਾਨਚੀ ਜਸਬੀਰ ਸਿੰਘ, ਰਿਕਾਰਡ ਕੀਪਰ ਰਸ਼ਪਾਲ ਸਿੰਘ, ਰਿਕਾਰਡ ਕੀਪਰ ਹਰਪ੍ਰੀਤ ਸਿੰਘ, ਲੰਗਰ ਇੰਚਾਰਜ ਸਤਨਾਮ ਸਿੰਘ ਅਤੇ ਸਟੋਰ ਕੀਪਰ ਮਨਜੀਤ ਸਿੰਘ ਵੱਲੋਂ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਵੇਈਂਪੂੰਈ, ਖੁਸ਼ਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਬੰਡਾਲਾ, ਅਮਰਜੀਤ ਸਿੰਘ ਭਲਾਈਪੁਰ, ਗੁਰਬਚਨ ਸਿੰਘ ਕਰਮੂੰਵਾਲਾ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਰਮਨਦੀਪ ਕੌਰ ਸ਼ੇਰੋਂ, ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ, ਹਰਜੀਤ ਸਿੰਘ ਸ਼ੇਰੋਂ, ਸਰਪੰਚ ਹਰਭਾਗ ਸਿੰਘ, ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਰਪੰਚ ਸੰਦੀਪ ਸਿੰਘ ਸ਼ਿੰਪੀ, ਕੁਲਦੀਪ ਸਿੰਘ ਲਾਹੌਰੀਆ, ਕੁਲਦੀਪ ਸਿੰਘ ਔਲਖ, ਤਜਿੰਦਰ ਸਿੰਘ ਪ੍ਰਿੰਸ, ਸਰਪੰਚ ਨਿਰਮਲ ਸਿੰਘ ਢੋਟੀ, ਮਨਦੀਪ ਸਿੰਘ ਪ੍ਰਧਾਨ, ਰੁਪਿੰਦਰ ਸਿੰਘ, ਪਲਵਿੰਦਰ ਸਿੰਘ ਫੌਜੀ, ਸੁਖਵਿੰਦਰ ਸਿੰਘ ਧਾਲੀਵਾਲ, ਪ੍ਰਮਜੀਤ ਸਿੰਘ ਦਿਓਲ, ਪ੍ਰਿੰਸੀਪਲ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ।