ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ
Publish Date: Sat, 26 Sep 2026 06:46 PM (IST)
Updated Date: Sat, 26 Sep 2026 06:48 PM (IST)
ਸਤਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ ਘਰਿਆਲਾ : ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੋਗਾ ਵਿਖੇ ਕਰਵਾਏ ਜਾ ਰਹੇ ਬਨੇਗਾ ਵਲੰਟੀਅਰ ਸੰਮੇਲਨ ਅਤੇ ਮਾਰਚ ਦੀਆਂ ਤਿਆਰੀਆਂ ਪੂਰੇ ਪੰਜਾਬ ਵਿਚ ਇਨਕਲਾਬੀ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰੋਗਰਾਮ ਵਿਚ ਹਜ਼ਾਰਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਡਾ. ਰਸਾਲ ਸਿੰਘ ਅਤੇ ਸਕੱਤਰ ਵਿਸ਼ਾਲਦੀਪ ਸਿੰਘ ਵਲਟੋਹਾ ਨੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਮੁਹਿੰਮ ‘ਹੁਣ ਬਨੇਗਾ ਪ੍ਰਾਪਤੀ ਮੁਹਿੰਮ’ ਵੱਲੋਂ 29 ਸਾਲ ਪਹਿਲਾਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਕੀਤੀ ਗਈ ਸ਼ੁਰੂਆਤ ਅੱਜ ਦੇਸ਼ ਅਤੇ ਦੁਨੀਆਂ ਵਿਚ ਭਗਤ ਸਿੰਘ ਦਿਵਸ ਨੂੰ ਮੇਲੇ ਦੇ ਰੂਪ ਵਿਚ ਮਨਾਉਣ ਤਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਨਾਲ ਭਗਤ ਸਿੰਘ ਦੇ ਸ਼ਹਾਦਤ ਵਾਲੇ ਪੱਖ ਦੇ ਨਾਲ-ਨਾਲ ਉਨ੍ਹਾਂ ਦੇ ਵਿਚਾਰਕ ਪੱਖ ਨੂੰ ਵੀ ਵਿਸ਼ਵ ਪੱਧਰ ’ਤੇ ਮਾਨਤਾ ਮਿਲਣਾ ਇਕ ਵੱਡੀ ਪ੍ਰਾਪਤੀ ਹੈ। ਨੌਜਵਾਨ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਵਿਗਿਆਨਕ ਤਰੱਕੀ ਦੇ ਚਲਦਿਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖ ਦੀ ਥਾਂ ਲੈਣ ਦੀ ਦੌੜ ਵਿਚ ਹੈ, ਉੱਥੇ ਦੂਜੇ ਪਾਸੇ ਆਮ ਮਨੁੱਖ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਖ਼ਾਸ ਕਰਕੇ ਨੌਜਵਾਨ, ਜੋ ਪਹਿਲਾਂ ਹੀ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ, ਏਆਈ ਦੀ ਆਮਦ ਕਾਰਨ ਹੋਰ ਚਿੰਤਾਵਾਂ ਵਿਚ ਘਿਰ ਰਹੇ ਹਨ। ਉਨ੍ਹਾਂ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਨੌਜਵਾਨਾਂ ਦੀਆਂ ਇਨ੍ਹਾਂ ਚਿੰਤਾਵਾਂ ਦੇ ਮੁਕੰਮਲ ਹੱਲ ਦਾ ਦਾਅਵਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਤ ਸਿੰਘ ਕੌਮੀ ਰੋਜ਼ਗਾਰ ਗਾਰੰਟੀ ਐਕਟ ਏਆਈ ਦੇ ਬਾਵਜੂਦ ਹਰ ਵਿਅਕਤੀ ਲਈ ਰੋਜ਼ਗਾਰ ਦੀ ਗਾਰੰਟੀ ਕਰਦਾ ਹੈ। ਇਸ ਤਹਿਤ ਅਣਸਿੱਖਿਅਤ ਨੂੰ 35 ਹਜ਼ਾਰ ਰੁਪਏ, ਅਰਧ-ਸਿੱਖਿਅਤ ਨੂੰ 40 ਹਜ਼ਾਰ ਰੁਪਏ, ਸਿੱਖਿਅਤ ਨੂੰ 45 ਹਜ਼ਾਰ ਰੁਪਏ ਅਤੇ ਉੱਚ-ਸਿੱਖਿਅਤ ਨੂੰ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣ ਅਤੇ ਕੰਮ ਨਾ ਮਿਲਣ ਦੀ ਸੂਰਤ ਵਿਚ ਉਕਤ ਤਨਖ਼ਾਹ ਦਾ ਅੱਧਾ ਹਿੱਸਾ ‘ਕੰਮ ਇੰਤਜ਼ਾਰ ਭੱਤੇ’ ਵਜੋਂ ਦੇਣ ਦੀ ਗਾਰੰਟੀ ਕਰਨ ਦੀ ਗੱਲ ਕਹੀ ਗਈ। ਆਗੂਆਂ ਨੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੋਗਾ ਵਿਖੇ ਹੋਣ ਵਾਲੇ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ, ਗੁਰਲਾਲ ਸਿੰਘ ਵਲਟੋਹਾ, ਸੁਖਦੇਵ ਸਿੰਘ ਕਾਲਾ, ਹਰਜੀਤ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।