ਸ਼ੇਰੋਂ ਖੰਡ ਮਿੱਲ ਮੋਰਚਾ 129ਵੇਂ ਦਿਨ ਵੀ ਜਾਰੀ ਸ਼ੇਰੋਂ ਖੰਡ ਮਿੱਲ ਮੋਰਚਾ 129ਵੇਂ ਦਿਨ ਵੀ ਜਾਰੀ
Publish Date: Sat, 26 Sep 2026 06:06 PM (IST)
Updated Date: Sat, 26 Sep 2026 06:09 PM (IST)
ਕਣਕ ਤੇ ਸਬਜ਼ੀਆਂ ਦੀ ਬਿਜਾਈ ਲਈ ਖਾਦਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ : ਐੱਸਕੇਐੱਮ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵਲੋਂ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੇ ਮੁੱਦੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਪੱਕੇ ਮੋਰਚੇ ਦੇ 129ਵੇਂ ਦਿਨ ਸ਼ਨਿਚਰਵਾਰ ਨੂੰ ਕਿਸਾਨ ਆਗੂਆਂ ਗੁਰਚਰਨ ਸਿੰਘ ਸਭਰਾ, ਦਲਜੀਤ ਸਿੰਘ ਦਿਆਲਪੁਰਾ, ਮਹਾਂਵੀਰ ਸਿੰਘ ਗਿੱਲ, ਸੁਖਬਾਜ ਸਿੰਘ ਸਿੱਧੂ, ਬਾਬਾ ਮਹਿੰਦਰ ਸਿੰਘ ਵੇਂਈਪੂੰਈਂ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਨੇ ਕਿਹਾ ਕਿ ਮਾਨ ਸਰਕਾਰ ਜਖੀਰੇਬਾਜ਼ਾਂ ਨੂੰ ਨੱਥ ਪਾ ਕੇ ਅਗਲੇ ਸੀਜ਼ਨ ਲਈ ਕਣਕ ਅਤੇ ਸਬਜ਼ੀਆਂ ਦੀ ਬਿਜਾਈ ਲਈ ਸਾਰੀਆਂ ਖਾਦਾਂ ਦਾ ਢੁੱਕਵਾਂ ਪ੍ਰਬੰਧ ਯਕੀਨੀ ਬਣਾਵੇ। ਆਗੂਆਂ ਨੇ ਕਿਹਾ ਕਿ ਕੁਝ ਖਾਦ ਡੀਲਰ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਚੁੱਕ ਕੇ ਲੋੜ ਵਾਲੀਆਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਸਮੇਤ ਕੁਝ ਪ੍ਰੋਡਕਟ ਧੱਕੇ ਨਾਲ ਦੇ ਰਹੇ ਹਨ ਜਿਸ ਨਾਲ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਆਗੂਆਂ ਨੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦੇ ਖੇਤੀ ਮੰਤਰੀ ਕਿਸਾਨਾਂ ਦੀ ਚਿੱਟੇ ਦਿਨ ਹੋ ਰਹੀ ਲੁੱਟ ਦੇ ਇਸ ਮਾੜੇ ਵਰਤਾਰੇ ਤੋਂ ਅਣਜਾਣ ਬਣ ਕੇ ਕੋਈ ਕਾਰਵਾਈ ਨਹੀਂ ਕਰ ਰਹੇ। ਕਿਸਾਨ ਆਗੂਆਂ ਨੇ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਹੋ ਰਹੀ ਲੁੱਟ ਅਤੇ ਖੱਜਲ-ਖਰਾਬੀ ਰੋਕਣ ਲਈ ਝੋਨੇ ਦੀ ਤੁਰੰਤ ਸਰਕਾਰੀ ਖਰੀਦ ਸ਼ੁਰੂ ਕਰਕੇ ਮੰਡੀਆਂ ਵਿਚ ਲੋੜੀਂਦਾ ਬਾਰਦਾਨਾਂ ਭੇਜਣ ਦੀ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਮਨਜੀਤ ਸਿੰਘ ਬੱਗੂ, ਦਵਿੰਦਰ ਸਿੰਘ ਸ਼ੇਰੋਂ, ਬਲਕਾਰ ਸਿੰਘ ਕੋਟ ਮੁਹੰਮਦ ਖਾਂ, ਅਮਰੀਕ ਸਿੰਘ ਰਾਜੂ ਭਰੋਵਾਲ, ਗੁਰਦਿਆਲ ਸਿੰਘ ਵਰਨਾਲਾ ਆਦਿ ਆਗੂ ਹਾਜ਼ਰ ਹੋਏ।