ਝੋਨੇ ਦੀ ਸਰਕਾਰੀ ਖ਼ਰੀਦ ’ਚ ਚਾਰ ਦਿਨ ਬਾਕੀ, ਜ਼ਿਲ੍ਹੇ ਦੇ ਸ਼ੈਲਰਾਂ ’ਚ ਹਾਲੇ ਵੀ ਪਈਆਂ ਕਣਕ ਦੀਆਂ 32 ਲੱਖ ਬੋਰੀਆਂ ਝੋਨੇ ਦੀ ਸਰਕਾਰੀ ਖਰੀਦ ’ਚ ਚਾਰ ਦਿਨ ਬਾਕੀ, ਜ਼ਿਲ੍ਹੇ ਦੇ ਸੈਲਰਾਂ ’ਚ ਅਜੇ ਵੀ ਪਈ 32 ਲੱਖ ਬੋਰੀ ਕਣਕ
Publish Date: Sat, 26 Sep 2026 05:25 PM (IST)
Updated Date: Sat, 26 Sep 2026 05:27 PM (IST)
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਝੋਨੇ ਦੀ ਸਰਕਾਰੀ ਖ਼ਰੀਦ ਪੰਜ ਦਿਨ ਬਾਅਦ ਇਕ ਅਕਤੂਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਮੰਡੀਆਂ ਵਿਚ ਆਉਣ ਵਾਲੇ ਝੋਨੇ ਦੀ ਖ਼ਰੀਦ ਕਰ ਕੇ ਸਰਕਾਰ ਸ਼ੈਲਰਾਂ ਵਿਚ ਸਟੋਰ ਕਰੇਗੀ, ਜਿੱਥੇ ਸ਼ੈਲਰਾਂ ਵਾਲੇ ਚਾਵਲ ਤਿਆਰ ਕਰ ਕੇ ਸਰਕਾਰ ਨੂੰ ਵਾਪਸ ਦੇਣਗੇ। ਖ਼ਰੀਦ ਪ੍ਰਕਿਰਿਆ ਦੇ ਸਿਰ ’ਤੇ ਹੋਣ ਦੇ ਬਾਵਜੂਦ ਸ਼ੈਲਰਾਂ ਵਿਚ ਸਟੋਰ ਕੀਤੀ ਗਈ ਕਣਕ ਦੀ ਹਾਲੇ ਤਕ ਚੁਕਾਈ ਨਾ ਹੋਣ ਕਾਰਨ ਸ਼ੈਲਰ ਮਾਲਕਾਂ ਦੇ ਸਾਹ ਸੂਤੇ ਪਏ ਹਨ। ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 32 ਲੱਖ ਤੋਂ ਵੱਧ ਬੋਰੀਆਂ ਕਣਕ ਸ਼ੈਲਰਾਂ ਵਿਚ ਪਈ ਹੈ। ਤਰਨਤਾਰਨ ਜ਼ਿਲ੍ਹੇ ਵਿਚ ਮੌਜੂਦ 60 ਸ਼ੈਲਰ ਸਰਕਾਰ ਵਲੋਂ ਖ਼ਰੀਦ ਕੀਤੀ ਗਈ ਪੈਡੀ ਨੂੰ ਸਟੋਰ ਕਰ ਕੇ ਚਾਵਲ ਬਣਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚ ਸਰਕਾਰ ਵਲੋਂ ਕਣਕ ਦੇ ਸੀਜ਼ਨ ਦੌਰਾਨ ਖਰੀਦ ਕੀਤੀ ਗਈ ਕਣਕ ਸਟੋਰ ਕੀਤੀ ਹੈ। ਕਣਕ ਦੀਆਂ ਬੋਰੀਆਂ ਹੇਠ ਜੋ ਰੈਕ ਲੱਗੇ ਹਨ, ਉਹੋ ਰੈਕ ਪੈਡੀ ਹੇਠ ਵੀ ਵਰਤੇ ਜਾਣੇ ਹਨ। ਪਰ ਸ਼ੈਲਰਾਂ ਵਿਚ ਪਈ ਕਣਕ ਦੀ ਚੁਕਾਈ ਸਰਕਾਰ ਵਲੋਂ ਨਾ ਕਰਵਾਏ ਜਾਣ ਕਰਕੇ ਜਿੱਥੇ ਸ਼ੈਲਰਾਂ ਵਿਚ ਪੈਡੀ ਰੱਖਣ ਲਈ ਲੋੜੀਂਦੀ ਜਗ੍ਹਾ ਨਹੀਂ ਬਚ ਰਹੀ, ਉੱਥੇ ਹੀ ਰੈਕ ਵੀ ਖਾਲੀ ਨਾ ਹੋਣ ਕਾਰਨ ਰਾਈਸ ਮਿਲਰਾਂ ਨੂੰ ਪੈਡੀ ਸਟੋਰ ਕਰਨ ਦੀ ਚਿੰਤਾ ਸਤਾਉਣ ਲੱਗੀ ਹੈ। ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹਾਲੇ ਤਕ 32 ਲੱਖ ਤੋਂ ਵੱਧ ਬੋਰੀਆਂ ਕਣਕ ਸ਼ੈਲਰਾਂ ਵਿਚ ਪਈ ਹੈ ਤੇ ਰੈਕ ਵੀ ਵਿਅਸਤ ਹਨ। ਨਿਊ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਵਤਾਰ ਸਿੰਘ ਤਨੇਜਾ ਜੋ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਵੀ ਹਨ ਨੇ ਕਿਹਾ ਕਿ 8 ਲੱਖ ਬੋਰੀਆਂ ਇਕੱਲੇ ਸ਼ਹਿਰ ਦੇ ਸ਼ੈਲਰਾਂ ਵਿਚ ਹੀ ਪਈਆਂ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਚੁਕਾਈ ਵਾਸਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਡਾਇਰੈਕਟਰ ਫੂਡ ਸਪਲਾਈ ਅਤੇ ਸੈਕਟਰੀ ਫੂਡ ਸਪਲਾਈ ਨਾਲ ਵੀ ਸੰਪਰਕ ਕਰ ਲਿਆ, ਪਰ ਮਸਲਾ ਹੱਲ ਨਹੀਂ ਹੋ ਸਕਿਆ। ਅਵਤਾਰ ਸਿੰਘ ਤਨੇਜਾ ਨੇ ਦੱਸਿਆ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਜ਼ਿੰਮੇਵਾਰੀ ਇਸ ਕਣਕ ਨੂੰ ਚੁੱਕਣ ਦੀ ਬਣਦੀ ਹੈ। ਤਨੇਜਾ ਨੇ ਕਿਹਾ ਕਿ ਝੋਨੇ ਦੀ ਖਰੀਦ ’ਚ ਹੁਣ ਪੰਜ ਦਿਨ ਬਾਕੀ ਬਚੇ ਹਨ ਪਰ ਹਾਲੇ ਤਕ ਤਰਨਤਾਰਨ ਜ਼ਿਲ੍ਹੇ ਵਿਚ ਪਈਆਂ 32 ਲੱਖ ਬੋਰੀਆਂ ਕਣਕ ਸ਼ੈਲਰ ਮਾਲਕਾਂ ਲਈ ਸਿਰਦਰਦੀ ਬਣੀ ਹੋਈ ਹੈ।