ਫਾਰਮੇਸੀ ਅਫ਼ਸਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ : ਸਿਵਲ ਸਰਜਨ ਫਾਰਮੇਸੀ ਅਫ਼ਸਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ: ਸਿਵਲ ਸਰਜਨ
Publish Date: Sat, 26 Sep 2026 05:16 PM (IST)
Updated Date: Sat, 26 Sep 2026 05:18 PM (IST)
ਤਰਨਤਾਰਨ ’ਚ ਕੌਮਾਂਤਰੀ ਫਾਰਮਾਸਿਸਟ ਦਿਹਾੜਾ ਮਨਾਇਆ ਫਾਰਮੇਸੀ ਵਰਗ ਦੀਆਂ ਖ਼ਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਰਾਜ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੌਮਾਂਤਰੀ ਫਾਰਮਾਸਿਸਟ ਦਿਹਾੜਾ ਜ਼ਿਲ੍ਹਾ ਹਸਪਤਾਲ ਤਰਨਤਾਰਨ ਦੇ ਮੁੱਖ ਸਟੋਰ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਤਰਨਤਾਰਨ ਵਿਚ ਤਾਇਨਾਤ ਫਾਰਮੇਸੀ ਅਫਸਰਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸਿਵਲ ਸਰਜਨ ਡਾ. ਸੰਦੀਪ ਧਵਨ, ਐੱਸਐੱਮਓ ਸਿਵਲ ਹਸਪਤਾਲ ਤਰਨਤਾਰਨ ਡਾ. ਸੁਰਿੰਦਰ ਕੁਮਾਰ ਅਤੇ ਹਸਪਤਾਲ ਦੇ ਸੁਪਰਡੈਂਟ ਤੇਜਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕੇਕ ਕੱਟ ਕੇ ਫਾਰਮਾਸਿਸਟ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਫਾਰਮੇਸੀ ਵਰਗ ਵੱਲੋਂ ਸਿਹਤ ਵਿਭਾਗ ਵਿਚ ਨਿਭਾਈ ਜਾ ਰਹੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਫਾਰਮੇਸੀ ਕੇਡਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਫਾਰਮੇਸੀ ਅਫ਼ਸਰਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈਆਂ ਦੀ ਉਪਲਬਧਤਾ, ਦਵਾਈਆਂ ਦੀ ਸਹੀ ਵਰਤੋਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਵੱਖ-ਵੱਖ ਕਾਰਜਾਂ ਵਿਚ ਫਾਰਮੇਸੀ ਸਟਾਫ਼ ਵੱਲੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਫਾਰਮੇਸੀ ਅਫਸਰਾਂ ਨੂੰ ਸਿਹਤ ਸੇਵਾਵਾਂ ਵਿਚ ਹੋਰ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਸਮਾਗਮ ਵਿਚ ਪਹੁੰਚੇ ਸਾਰੇ ਅਧਿਕਾਰੀਆਂ, ਫਾਰਮੇਸੀ ਅਫਸਰਾਂ ਅਤੇ ਸਟਾਫ਼ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਫਾਰਮੇਸੀ ਵਰਗ ਸਿਹਤ ਵਿਭਾਗ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਫਾਰਮੇਸੀ ਅਫਸਰਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ ਅਤੇ ਮੈਨ ਪਾਵਰ ਦੀ ਘਾਟ ਦੇ ਬਾਵਜੂਦ ਫਾਰਮੇਸੀ ਅਫਸਰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਵਿਭਾਗੀ ਕੰਮਕਾਜ ਅਤੇ ਜ਼ਿੰਮੇਵਾਰੀਆਂ ਵਿਚ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਫਾਰਮੇਸੀ ਅਫਸਰ ਮਰੀਜ਼ਾਂ ਅਤੇ ਸਿਹਤ ਵਿਭਾਗ ਪ੍ਰਤੀ ਆਪਣੀ ਡਿਊਟੀ ਨੂੰ ਪਹਿਲ ਦੇ ਆਧਾਰ ’ਤੇ ਨਿਭਾਅ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫਾਰਮੇਸੀ ਵਰਗ ਦੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਤਾਂ ਜੋ ਸਿਹਤ ਸੰਸਥਾਵਾਂ ਵਿਚ ਸਟਾਫ਼ ਦੀ ਘਾਟ ਨੂੰ ਦੂਰ ਕਰਕੇ ਮਰੀਜ਼ਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਡੀਪੀਓ ਰਣਜੀਤ ਸਿੰਘ, ਸੁਰੇਸ਼ ਮੌਗਾ, ਬਲਵਿੰਦਰ ਸਿੰਘ, ਅਰਮਿੰਦਰ ਕੌਰ ਚਾਰੂ, ਰਣਜੀਤ ਸਿੰਘ ਬਾਠ, ਕੁਲਵਿੰਦਰ ਸਿੰਘ ਖੇਮਕਰਨ, ਦਵਿੰਦਰ ਸਿੰਘ, ਸੰਦੀਪ ਸਿੰਘ ਫਾਰਮੇਸੀ ਅਫਸਰ, ਨਰਸਿੰਗ ਸਿਸਟਰ ਸੀਲਾ, ਹਰਪ੍ਰੀਤ ਕੌਰ ਐੱਸਐੱਨ, ਮਨਜੀਤ ਕੌਰ, ਅਸ਼ੋਕ ਕੁਮਾਰ, ਸਿਮਰਨ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਹਾਜ਼ਰ ਅਧਿਕਾਰੀਆਂ ਅਤੇ ਫਾਰਮੇਸੀ ਅਫ਼ਸਰਾਂ ਨੇ ਇਕ-ਦੂਜੇ ਨੂੰ ਕੌਮਾਂਤਰੀ ਫਾਰਮਾਸਿਸਟ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਿਹਤ ਵਿਭਾਗ ਵਿਚ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਪ੍ਰਗਟਾਇਆ।