ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕੀਤਾ ਕੇਂਦਰੀ ਜੇਲ੍ਹ ’ਚ ‘ਰੇਡੀਓ ਉਜਾਲਾ’ ਦਾ ਉਦਘਾਟਨ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕੀਤਾ ਕੇਂਦਰੀ ਜੇਲ੍ਹ ’ਚ ‘ਰੇਡੀਓ ਉਜਾਲਾ’ ਦਾ ਉਦਘਾਟਨ
Publish Date: Thu, 24 Sep 2026 07:10 PM (IST)
Updated Date: Thu, 24 Sep 2026 07:12 PM (IST)
ਜੇਲ੍ਹ ਦੇ ਨਿਰੀਖਣ ਤੋਂ ਇਲਾਵਾ ਕੈਦੀਆਂ ਦੀਆਂ ਸਹੂਲਤਾਂ ਦਾ ਵੀ ਲਿਆ ਜਾਇਜ਼ਾ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ: ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਵੀਰਵਾਰ ਨੂੰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜੇਲ੍ਹ ਵਿਚ ‘ਰੇਡੀਓ ਉਜਾਲਾ’ ਦਾ ਉਦਘਾਟਨ ਕੀਤਾ ਅਤੇ ਜੇਲ੍ਹ ਵਿਚਲੇ ਕੈਦੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਉਦਘਾਟਨ ਉਪਰੰਤ ਉਨ੍ਹਾਂ ਰੇਡੀਓ ਰਾਹੀਂ ਜੇਲ੍ਹ ਦੇ ਤਮਾਮ ਬੰਦੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜ਼ੁਰਮ ਤੋਂ ਦੂਰ ਰਹਿ ਕੇ ਚੰਗੇ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਉਨ੍ਹਾਂ ਬੰਦੀਆਂ ਦੀਆਂ ਤਕਲੀਫ਼ਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ਤੇ ਹੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨ੍ਹਾਂ ਵੱਲੋਂ ਜੇਲ੍ਹ ਦੇ ਲੰਗਰ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਜੇਲ੍ਹ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਉਥੇ ਦਾਖ਼ਲ ਬਿਮਾਰ ਬੰਦੀਆਂ ਦਾ ਹਾਲ-ਚਾਲ ਵੀ ਪੁੱਛਿਆ। ਉਨ੍ਹਾਂ ਉਥੇ ਤਾਇਨਾਤ ਡਾਕਟਰਾਂ ਨੂੰ ਬੰਦੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਉਨ੍ਹਾਂ ਵੱਲੋਂ ਜੇਲ੍ਹ ਅੰਦਰ ਯਾਦਗਾਰੀ ਪੌਦਾ ਵੀ ਲਗਾਇਆ ਗਿਆ। ਇਸ ਤੋਂ ਪਹਿਲਾਂ ਕੇਂਦਰੀ ਜੇਲ੍ਹ ਪਹੁੰਚਣ ’ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ਼ਾਨਦਾਰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਵਧੀਕ ਸੁਪਰਡੈਂਟ ਗੁਰਜੰਟ ਸਿੰਘ, ਡਿਪਟੀ ਸੁਪਰਡੈਂਟ ਸਕਿਉਰਟੀ ਗੁਰਮੇਜ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।