ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਮਹਿਜ਼ ਸਿਆਸੀ ਡਰਾਮਾ : ਰਾਜਬੀਰ ਭੁੱਲਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਮਹਿਜ਼ ਸਿਆਸੀ ਡਰਾਮਾ : ਰਾਜਬੀਰ ਭੁੱਲਰ
Publish Date: Thu, 24 Sep 2026 04:32 PM (IST)
Updated Date: Thu, 24 Sep 2026 04:33 PM (IST)
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਮਹਿਜ਼ ਸਿਆਸੀ ਡਰਾਮਾ : ਰਾਜਬੀਰ ਭੁੱਲਰ ਕਿਹਾ- ਨਸ਼ਿਆਂ ਨੂੰ ਰੋਕਣ ਵਿਚ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਭਾਜਪਾ ਵੱਲੋਂ ਪੰਜਾਬ ’ਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਮਹਿਜ਼ ਇਕ ਸਿਆਸੀ ਡਰਾਮਾ ਕਰਾਰ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਸਿਆਸੀ ਭਾਸ਼ਣਾਂ ਦੀ ਬਜਾਏ ਠੋਸ ਕਾਰਵਾਈ ਦੀ ਲੋੜ ਹੈ। ਤਰਨਤਾਰਨ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭੁੱਲਰ ਨੇ ਕਿਹਾ ਕਿ ਕੇਂਦਰ ਵਿਚ ਲੰਮੇ ਸਮੇਂ ਤੋਂ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਜੇਕਰ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਖਤਮ ਨਹੀਂ ਹੋਈ। ਇਸ ਲਈ ਭਾਜਪਾ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੀ ਠੋਸ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ਨੂੰ ਰੋਕਣ ਵਿਚ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਅਹਿਮ ਭੂਮਿਕਾ ਹੈ। ਜੇਕਰ ਸਰਹੱਦ ’ਤੇ ਸੁਰੱਖਿਆ ਪ੍ਰਬੰਧ ਇਨ੍ਹੇਂ ਮਜ਼ਬੂਤ ਹਨ ਤਾਂ ਪੰਜਾਬ ਵਿਚ ਨਸ਼ਿਆਂ ਦੀਆਂ ਖੇਪਾਂ ਲਗਾਤਾਰ ਕਿਵੇਂ ਪਹੁੰਚ ਰਹੀਆਂ ਹਨ, ਇਸ ਦਾ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਸਰਹੱਦ ਤੋਂ ਲੈ ਕੇ ਦੇਸ਼ ਦੇ ਅੰਦਰਲੇ ਸਪਲਾਈ ਨੈੱਟਵਰਕ ਤਕ ਪੂਰੀ ਲੜੀ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਭੁੱਲਰ ਨੇ ਮੁੰਦਰਾ ਬੰਦਰਗਾਹ ’ਤੇ ਸਤੰਬਰ 2021 ਵਿਚ ਵੱਡੀ ਤਦਾਦ ’ਚ ਹੈਰੋਇਨ ਦੀ ਬਰਾਮਦਗੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਵੀ ਪੂਰੇ ਨੈੱਟਵਰਕ ਦੀ ਜੜ੍ਹ ਤਕ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਨੂੰ ਸਿਆਸੀ ਤੌਰ ’ਤੇ ਵਰਤ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੋਵੇਂ ਫੇਲ੍ਹ ਸਾਬਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਯਾਤਰਾਵਾਂ ਅਤੇ ਨਾਅਰਿਆਂ ਦੀ ਬਜਾਏ ਸਰਹੱਦੀ ਤਸਕਰੀ, ਨਸ਼ਿਆਂ ਦੇ ਵਿੱਤੀ ਨੈੱਟਵਰਕ, ਸਪਲਾਈ ਚੇਨ ਅਤੇ ਸਥਾਨਕ ਪੱਧਰ ’ਤੇ ਤਸਕਰੀ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਹੈ। ਇਸ ਮੌਕੇ ਸਰਪੰਚ ਪ੍ਰਦੀਪ ਸਿੰਘ ਕੋਟ ਦਸੰਧੀ ਮੱਲ ਬਲਾਕ ਪ੍ਰਧਾਨ, ਗੁਰਜੀਤ ਸਿੰਘ ਸਰਪੰਚ ਮੁਰਾਦਪੁਰਾ, ਹਰਮਨ ਪਲਾਸੌਰ, ਸਰਪੰਚ ਹੈਪੀ ਬਾਲੇਚੱਕ, ਸਾਹਿਬ ਸਿੰਘ ਸਰਪੰਚ ਮੁਰਾਦਪੁਰਾ ਖੁਰਦ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਭੁਪਿੰਦਰ ਸਿੰਘ ਕੰਗ ਗੋਹਲਵੜ, ਹੀਰਾ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।