ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟਿੱਪਰ ਨੇ ਦਰੜਿਆ, ਮੌਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੇਤ ਨਾਲ ਭਰੇ ਟਿੱਪਰ ਨੇ ਦਰੜਿਆ, ਮੌਤ
Publish Date: Wed, 23 Sep 2026 08:38 PM (IST)
Updated Date: Wed, 23 Sep 2026 08:39 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਅੰਦਰੂਨੀ ਖੇਤਰ ਵਿਚ ਰੇਤ ਨਾਲ ਭਰੇ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਗੰਭੀਰ ਹਾਲਤ ਵਿਚ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਟਿੱਪਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਹਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਲਾਸੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵੱਡਾ ਭਰਾ ਮਨਿੰਦਰਪਾਲ ਸਿੰਘ ਝਬਾਲ ਰੋਡ ’ਤੇ ਸਥਿਤ ਹੀਰੋ ਏਜੰਸੀ ’ਚ ਬਤੌਰ ਪੀਡੀਆਈ ਮੈਨੇਜਰ ਵਜੋਂ ਕੰਮ ਕਰਦਾ ਹੈ। ਉਹ ਰਾਤ ਕਰੀਬ ਸਾਢੇ 8 ਵਜੇ ਆਪਣੇ ਮੋਟਰਸਾਈਕਲ ਨੰਬਰ ਪੀਬੀ10 ਜੀਈ 0341 ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਸ਼ਹਿਰ ਦੀ ਅੰਦਰ ਵਾਲੀ ਮੁੱਖ ਸੜਕ ’ਤੇ ਸਥਿਤ ਚਾਏ ਨਗਰੀ ਰੈਸਟੋਰੈਂਟ ਕੋਲ ਪੁੱਜਾ ਤਾਂ ਬੋਹੜੀ ਵਾਲਾ ਚੌਕ ਵਲੋਂ ਆ ਰਹੇ ਰੇਤ ਦੇ ਭਰੇ ਟਿੱਪਰ ਨੰਬਰ ਪੀਬੀ02 ਈਕਿਉ 4824 ਨੇ ਮਨਿੰਦਰਪਾਲ ਸਿੰਘ ਦੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ ਅਤੇ ਟਿੱਪਰ ਨੇ ਉਸ ਦੇ ਭਰਾ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਉਸ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਰਪਾਲ ਸਿੰਘ ਨੇ ਬਿਆਨਾਂ ਵਿਚ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲ ਦੀ ਉਸਾਰੀ ਕਾਰਨ ਸ਼ਹਿਰ ’ਚੋਂ ਲੰਘਦੇ ਹਨ ਭਾਰੀ ਵਾਹਨ ਦੱਸ ਦਈਏ ਕਿ ਤਰਨਤਾਰਨ ਦੇ ਪੁਰਾਣੇ ਬਾਈਪਾਸ ’ਤੇ ਸਥਿਤ ਕੱਕਾ ਕੰਡਿਆਲਾ ਰੇਲਵੇ ਕਰਾਸਿੰਗ ਉੱਪਰ ਓਵਰ ਬ੍ਰਿਜ ਦੀ ਉਸਾਰੀ ਕਾਰਨ ਭਾਰੀ ਵਾਹਨ ਵੀ ਸ਼ਹਿਰ ਦੇ ਵਿਚੋਂ ਦੀ ਲੰਘਦੇ ਹਨ। ਸ਼ਹਿਰ ਅੰਦਰਲੀ ਸੜਕ ਚਾਰ ਮਾਰਗੀ ਹੋਣ ਦੇ ਬਾਵਜੂਦ ਟਰੈਫਿਕ ਦੇ ਭਾਰੀ ਦਬਾਅ ਕਾਰਨ ਅਕਸਰ ਤੰਗ ਹੀ ਰਹਿੰਦੀ ਹੈ। ਟਰੱਕ, ਟਿੱਪਰ ਅਤੇ ਬੱਸਾਂ ਤਕ ਸ਼ਹਿਰ ਦੇ ਵਿਚੋਂ ਦੀ ਲੰਘ ਰਹੀਆਂ ਹਨ। ਇਸ ਕਾਰਨ ਹਰ ਰੋਜ਼ ਚੌਕ ਚੁਰਾਹਿਆਂ ’ਚ ਜਿੱਥੇ ਜਾਮ ਲੱਗਦੇ ਹਨ, ਉਥੇ ਹੀ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ।