ਮਾਂ-ਮਿਟਰ ਹੋਏ ਪੱਟੀ ਸਬ-ਡਵੀਜ਼ਨ ਦੇ ਤਿੰਨ ਥਾਣੇ, ਕੰਮਕਾਜ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਮਾਂ-ਮਿਟਰ ਹੋਏ ਪੱਟੀ ਸਬ ਡਵੀਜ਼ਨ ਦੇ ਤਿੰਨ ਥਾਣੇ, ਕੰਮਕਾਜ ਪ੍ਰਭਾਵਿਤ ਦਾ ਖਦਸ਼ਾ
Publish Date: Wed, 23 Sep 2026 08:33 PM (IST)
Updated Date: Wed, 23 Sep 2026 08:36 PM (IST)
ਸਦਰ ਤੇ ਸਿਟੀ ਮੁਨਸ਼ੀਆਂ ਦਾ ਤਬਾਦਲਾ, ਹਰੀਕੇ ਦਾ ਮੁਨਸ਼ੀ ਲਾਈਨ ਹਾਜ਼ਰ ਪੱਕੇ ਥਾਣੇਦਾਰ ਰੀਡਰ ਦੀ ਕੁਰਸੀ ਨੂੰ ਦੇ ਰਹੇ ਤਰਜੀਹ, ਮਿਸਲਾਂ ਦਾ ਬੋਝ ਕਾਇਮ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਪੁਲਿਸ ਸਬ-ਡਵੀਜ਼ਨ ਪੱਟੀ ਅਧੀਨ ਆਉਂਦੇ ਤਿੰਨ ਪ੍ਰਮੁੱਖ ਥਾਣਿਆਂ ਵਿਚ ਮੁੱਖ ਮੁਨਸ਼ੀਆਂ ਦੀਆਂ ਕੁਰਸੀਆਂ ਖਾਲੀ ਪਈਆਂ ਹੋਣ ਕਾਰਨ ਥਾਣਿਆਂ ਦੀ ਦਫ਼ਤਰੀ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਥਾਣਾ ਸਦਰ ਪੱਟੀ ਅਤੇ ਸਿਟੀ ਪੱਟੀ ਦੇ ਮੁੱਖ ਮੁਨਸ਼ੀਆਂ ਦਾ ਰੁਟੀਨ ਤਬਾਦਲਾ ਹੋਣ ਮਗਰੋਂ ਅਹੁਦੇ ਖਾਲੀ ਹੋ ਗਏ, ਜਦੋਂਕਿ ਥਾਣਾ ਹਰੀਕੇ ਦਾ ਮੁੱਖ ਮੁਨਸ਼ੀ ਲਾਈਨ ਹਾਜ਼ਰ ਕੀਤਾ ਗਿਆ ਹੈ। ਤਿੰਨਾਂ ਥਾਣਿਆਂ ਵਿਚ ਮੁਨਸ਼ੀ ਨਾ ਹੋਣ ਕਾਰਨ ਰੋਜ਼ਾਨਾ ਦੇ ਦਫ਼ਤਰੀ ਕੰਮ, ਰਿਕਾਰਡ ਸੰਭਾਲਣ ਅਤੇ ਪੁਲਿਸ ਰੋਜ਼ਨਾਮਚੇ, ਅਦਾਲਤਾਂ ਨਾਲ ਸਬੰਧਤ ਕਾਰਵਾਈਆਂ ਦਾ ਵਾਧੂ ਬੋਝ ਮੌਜੂਦਾ ਸਟਾਫ਼ ’ਤੇ ਪੈ ਰਿਹਾ ਹੈ। ‘ਥਾਣੇ ਦੀ ਮਾਂ’ ਵਰਗੇ ਤਖੱਲਸ ਨਾਲ ਜਾਣੇ ਜਾਂਦੇ ਮੁੱਖ ਮੁਨਸ਼ੀ ਦੇ ਨਾ ਹੋਣ ਨਾਲ ਅੱਜ-ਕੱਲ੍ਹ ਤਿੰਨਾਂ ਥਾਣਿਆਂ ਨੂੰ ‘ਮਾਂ-ਮਿਟਰ’ ਦਾ ਦਰਜਾ ਦਿੱਤਾ ਜਾ ਰਿਹਾ ਹੈ। ਰੋਜ਼ਾਨਾ ਰਪਟ ਦਰਜ ਕਰਨ, ਪੁਲਿਸ ਰੋਜ਼ਨਾਮਚਾ ਸੰਭਾਲਣ, ਕੇਸਾਂ ਨਾਲ ਸਬੰਧਤ ਰਿਕਾਰਡ ਦੀ ਦੇਖ-ਰੇਖ ਅਤੇ ਵੱਖ-ਵੱਖ ਦਫ਼ਤਰੀ ਕਾਰਵਾਈਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਉਸ ਨਾਲ ਜੁੜੀ ਹੁੰਦੀ ਹੈ। ਅਜਿਹੇ ਵਿਚ ਲੰਬੇ ਸਮੇਂ ਤਕ ਅਹੁਦੇ ਖਾਲੀ ਰਹਿਣ ਨਾਲ ਥਾਣਿਆਂ ਦੇ ਕੰਮਕਾਜ ’ਤੇ ਅਸਰ ਪੈਣਾ ਸੁਭਾਵਿਕ ਹੈ। ਦੂਜੇ ਪਾਸੇ, ਵਿਭਾਗ ਵਿਚ ਇਹ ਵੀ ਚਰਚਾ ਹੈ ਕਿ ਤਜਰਬੇਕਾਰ ਹੈੱਡ ਕਾਂਸਟੇਬਲ ਮੁੱਖ ਮੁਨਸ਼ੀ ਦੀ ਜ਼ਿੰਮੇਵਾਰੀ ਸੰਭਾਲਣ ਲਈ ‘ਵਿਲਿੰਗ’ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਕੰਮ ਦੇ ਵਾਧੂ ਦਬਾਅ, ਜ਼ਿੰਮੇਵਾਰੀ ਅਤੇ ਦਫ਼ਤਰੀ ਮਿਸਲਾਂ ਦੇ ਬੋਝ ਕਾਰਨ ਇਸ ਅਹੁਦੇ ਲਈ ਤਾਇਨਾਤੀ ਨੂੰ ਲੈ ਕੇ ਕਰਮਚਾਰੀਆਂ ਵਿਚ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ। ਇਸ ਦੇ ਨਾਲ ਹੀ ਹਾਲ ਹੀ ਵਿਚ ਲੋਅਰ ਤੋਂ ਕੋਕਿਆਂ ਨਾਲ ਨਿਵਾਜੇ ਗਏ ਪੱਕੇ ਥਾਣੇਦਾਰਾਂ ਵਿੱਚੋਂ ਕੁਝ ਵੱਲੋਂ ਖੇਤਰੀ ਥਾਣਿਆਂ ਦੀ ਜ਼ਿੰਮੇਵਾਰੀ ਸੰਭਾਲਣ ਦੀ ਬਜਾਏ ਉੱਚ ਅਧਿਕਾਰੀਆਂ ਨਾਲ ਰੀਡਰ ਵਜੋਂ ਤਾਇਨਾਤੀ ਨੂੰ ਤਰਜੀਹ ਦਿੱਤੀ ਜਾ ਰਹੀ। ਇਸ ਕਾਰਨ ਥਾਣਿਆਂ ਵਿਚ ਮਿਸਲਾਂ ਅਤੇ ਦਫ਼ਤਰੀ ਕੰਮ ਦਾ ਬੋਝ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਕਾਨੂੰਨ ਮੁਤਾਬਕ ਕਈ ਕੇਸਾਂ ਵਿਚ ਕੇਵਲ ਪੱਕਾ ਥਾਣੇਦਾਰ ਹੀ ਮੁਕੱਦਮਾ ਦਰਜ ਕਰ ਸਕਦਾ ਹੈ, ਪਰ ਜਦੋਂ ਥਾਣਿਆਂ ਵਿਚ ਪੱਕੇ ਕਰਮਚਾਰੀ ਨਹੀਂ ਹੋਣਗੇ ਤਾਂ ਇਨਸਾਫ਼ ਮਿਲਣ ਦੇ ਹਾਲਾਤਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਹੁਣ ਅਹਿਮ ਸਵਾਲ ਇਹ ਹੈ ਕਿ ਤਿੰਨਾਂ ਥਾਣਿਆਂ ਵਿਚ ਖਾਲੀ ਪਈਆਂ ਮੁੱਖ ਮੁਨਸ਼ੀ ਦੀਆਂ ਕੁਰਸੀਆਂ ਕਦੋਂ ਭਰੀਆਂ ਜਾਂਦੀਆਂ ਹਨ ਅਤੇ ਦਫ਼ਤਰੀ ਕੰਮਕਾਜ ’ਤੇ ਪੈ ਰਿਹਾ ਵਾਧੂ ਬੋਝ ਕਦੋਂ ਘਟਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜਲਦੀ ਤਾਇਨਾਤ ਕੀਤੇ ਜਾਣਗੇ ਮੁੱਖ ਮੁਨਸ਼ੀ : ਐੱਸਪੀ ਥਾਣਿਆਂ ’ਚ ਮੁੱਖ ਮੁਨਸ਼ੀਆਂ ਦੀਆਂ ਖ਼ਾਲੀ ਕੁਰਸੀਆਂ ਸਬੰਧੀ ਜ਼ਿਲ੍ਹੇ ਦੇ ਐੱਸਪੀ ਹੈੱਡਕੁਆਰਟਰ ਸੁਖਨਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ ਭਰ ਦੇ ਮੁਨਸ਼ੀ ਤੋਂ ਖ਼ਾਲੀ ਚੱਲੇ ਆ ਰਹੇ ਥਾਣਿਆਂ ਵਿਚ ਜਲਦੀ ਤਾਇਨਾਤੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗੀ ਪ੍ਰਬੰਧਾਂ ਵਿਚ ਕੋਈ ਘਾਟ ਨਹੀਂ ਹੈ। ਸਭ ਥਾਣਿਆ ਦਾ ਕੰਮਕਾਜ ਤਸੱਲੀਬਖਸ਼ ਹੈ।