ਝੋਨੇ ਦੀ ਖ਼ਰੀਦ ਦੇ ਢੁੱਕਵੇਂ ਪ੍ਰਬੰਧ ਕਰੇ ਸਰਕਾਰ : ਐੱਸਕੇਐੱਮ ਝੋਨੇ ਦੀ ਖਰੀਦ ਦੇ ਢੁੱਕਵੇਂ ਪ੍ਰਬੰਧ ਕਰੇ ਸਰਕਾਰ : ਐੱਸਕੇਐੱਮ
Publish Date: Wed, 23 Sep 2026 08:14 PM (IST)
Updated Date: Wed, 23 Sep 2026 08:15 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ੇਰੋਂ ਖੰਡ ਮਿੱਲ ਵਿਖੇ ਲਗਾਏ ਕਿਸਾਨ ਮੋਰਚੇ ਦੇ 126ਵੇਂ ਦਿਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਆਉਣ ਵਾਲੀ ਖਰੀਦ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਮੰਡੀਆਂ ’ਚ ਫ਼ਸਲ ਦੀ ਖਰੀਦ, ਚੁਕਾਈ ਅਤੇ ਭੰਡਾਰਨ ਦੇ ਢੁੱਕਵੇਂ ਤੇ ਸੁਚੱਜੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਮੇਘ ਸਿੰਘ ਅਤੇ ਰੇਸ਼ਮ ਸਿੰਘ ਫੈਲੋਕੇ ਨੇ ਕਿਹਾ ਕਿ ਹਰ ਸਾਲ ਝੋਨੇ ਦੀ ਆਮਦ ਵਧਣ ਦੇ ਨਾਲ ਹੀ ਕਈ ਮੰਡੀਆਂ ਵਿਚ ਪ੍ਰਬੰਧਾਂ ਦੀਆਂ ਕਮੀਆਂ ਸਾਹਮਣੇ ਆਉਣ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਦਾਨੇ, ਮਜ਼ਦੂਰਾਂ, ਲੋਡਿੰਗ-ਅਨਲੋਡਿੰਗ, ਟਰਾਂਸਪੋਰਟ ਅਤੇ ਸਟੋਰੇਜ ਆਦਿ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾ ਦਿੱਤੇ ਜਾਣ ਤਾਂ ਕਿਸਾਨਾਂ ਨੂੰ ਲੰਬਾ ਸਮਾਂ ਮੰਡੀਆਂ ਵਿਚ ਫ਼ਸਲ ਲੈ ਕੇ ਬੈਠਣ ਦੀ ਨੌਬਤ ਨਹੀਂ ਆਵੇਗੀ। ਆਗੂਆਂ ਨੇ ਕਿਹਾ ਕਿ ਝੋਨੇ ਦੀ ਆਮਦ ਪੂਰੇ ਜ਼ੋਰ ’ਤੇ ਹੋਣ ਸਮੇਂ ਅਕਸਰ ਬਾਰਦਾਨੇ ਦੀ ਘਾਟ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚੋਂ ਖਰੀਦੇ ਗਏ ਝੋਨੇ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿਚ ਫ਼ਸਲ ਦੇ ਢੇਰ ਲੱਗ ਜਾਂਦੇ ਹਨ ਅਤੇ ਨਵੀਂ ਫ਼ਸਲ ਲਿਆਉਣ ਵਾਲੇ ਕਿਸਾਨਾਂ ਲਈ ਵੀ ਮੁਸ਼ਕਿਲਾਂ ਵਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਖਰੀਦ ਕੀਤੀ ਫ਼ਸਲ ਨੂੰ ਮੰਡੀਆਂ ਵਿੱਚੋਂ ਗੋਦਾਮਾਂ ਜਾਂ ਸ਼ੈਲਰਾਂ ਤਕ ਪਹੁੰਚਾਉਣ ਵਿਚ ਦੇਰੀ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਅਦਾਇਗੀ ਅਤੇ ਅਗਲੀ ਫ਼ਸਲ ਦੀ ਆਮਦ ’ਤੇ ਪੈਂਦਾ ਹੈ। ਕਿਸਾਨ ਆਗੂਆਂ ਨੇ ਸਿੱਲ੍ਹ ਦੇ ਨਾਂ ’ਤੇ ਕਿਸਾਨਾਂ ਦੀ ਫ਼ਸਲ ਵਿੱਚੋਂ ਕੀਤੀ ਜਾਣ ਵਾਲੀ ਕਟੌਤੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਫ਼ਸਲ ਦੀ ਗੁਣਵੱਤਾ ਸਬੰਧੀ ਨਿਯਮਾਂ ਦੀ ਆੜ ਵਿਚ ਕਿਸਾਨਾਂ ’ਤੇ ਬੇਲੋੜਾ ਵਿੱਤੀ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਸਰਕਾਰ ਅਤੇ ਸਬੰਧਿਤ ਖਰੀਦ ਏਜੰਸੀਆਂ ਤੋਂ ਮੰਗ ਕੀਤੀ ਕਿ ਫ਼ਸਲ ਦੀ ਗੁਣਵੱਤਾ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਬਣਦਾ ਪੂਰਾ ਮੁੱਲ ਮਿਲਣਾ ਯਕੀਨੀ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਜਦੋਂ ਮੰਡੀਆਂ ਵਿਚ ਖਰੀਦ ਅਤੇ ਚੁਕਾਈ ਦੇ ਪ੍ਰਬੰਧ ਸੁਚਾਰੂ ਨਹੀਂ ਹੁੰਦੇ ਤਾਂ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ, ਮਜ਼ਦੂਰਾਂ ਅਤੇ ਸ਼ੈਲਰ ਮਾਲਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਆਪਸੀ ਤਕਰਾਰ ਦੀ ਸਥਿਤੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮੱਸਿਆ ਪੈਦਾ ਹੋਣ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਸਾਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਮੰਡੀਆਂ ਵਿਚ ਬਾਰਦਾਨੇ ਦੀ ਉਪਲੱਬਧਤਾ, ਝੋਨੇ ਦੀ ਤੁਰੰਤ ਖਰੀਦ, ਸਮੇਂ ਸਿਰ ਚੁਕਾਈ, ਲੋੜੀਂਦੇ ਟਰਾਂਸਪੋਰਟ ਅਤੇ ਸਟੋਰੇਜ ਦੇ ਪ੍ਰਬੰਧਾਂ ਦੀ ਨਿਗਰਾਨੀ ਲਈ ਪ੍ਰਭਾਵਸ਼ਾਲੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਲਈ ਬੇਲੋੜੀ ਖੱਜਲ-ਖੁਆਰੀ ਤੋਂ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਗੁਰਚਰਨ ਸਿੰਘ ਸਭਰਾ, ਜਸਬੀਰ ਸਿੰਘ ਨਿੱਜਰਪੁਰਾ, ਬਲਬੀਰ ਸਿੰਘ, ਬਲਕਾਰ ਸਿੰਘ ਕੋਟ, ਸਲਵੰਤ ਸਿੰਘ, ਸੁਖਬਾਜ ਸਿੰਘ ਸਿੱਧੂ, ਅਮਰੀਕ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ ਸਮੇਤ ਹੋਰ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।