ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਔਰਤਾਂ ਨਾਲ ਸਬੰਧਿਤ ਮੁੱਦਿਆਂ ਦੀ ਕੀਤੀ ਸਮੀਖਿਆ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਔਰਤਾਂ ਨਾਲ ਸਬੰਧਿਤ ਮੁੱਦਿਆਂ ਦੀ ਕੀਤੀ ਸਮੀਖਿਆ
Publish Date: Wed, 23 Sep 2026 08:09 PM (IST)
Updated Date: Wed, 23 Sep 2026 08:12 PM (IST)
ਤਰਨਤਾਰਨ ’ਚ ‘ਮਹਿਲਾ ਜਨ-ਸੁਣਵਾਈ’ ਦੌਰਾਨ 96 ਸ਼ਿਕਾਇਤਾਂ ਦੀ ਕੀਤੀ ਸੁਣਵਾਈ ਨਸ਼ਿਆਂ ਦੀ ਦੁਰਵਰਤੋਂ ਤੇ ਔਰਤਾਂ ਤੇ ਪਰਿਵਾਰਾਂ ’ਤੇ ਇਸ ਦੇ ਪ੍ਰਭਾਵ ਨੂੰ ਕੀਤਾ ਗਿਆ ਉਜਾਗਰ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਰ ਨੇ ਬੁੱਧਵਾਰ ਨੂੰ ਤਰਨਤਾਰਨ ਦਾ ਦੌਰਾ ਕੀਤਾ। ਔਰਤਾਂ ਦੀ ਸੁਰੱਖਿਆ, ਨਿਆਂ ਤਕ ਪਹੁੰਚ, ਭਲਾਈ ਅਤੇ ਸਸ਼ਕਤੀਕਰਨ ਨਾਲ ਸਬੰਧਿਤ ਮੁੱਦਿਆਂ ਦੀ ਸਮੀਖਿਆ ਕਰਨ ਲਈ ਕੀਤੇ ਗਏ ਇਸ ਦੌਰੇ ਦੌਰਾਨ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਸੰਸਥਾਗਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਦੌਰੇ ਦੇ ਹਿੱਸੇ ਵਜੋਂ ਚੇਅਰਪਰਸਨ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਨਸ਼ਿਆਂ ਦੀ ਦੁਰਵਰਤੋਂ ਦੀ ਸਮੱਸਿਆ ਅਤੇ ਔਰਤਾਂ ਤੇ ਪਰਿਵਾਰਾਂ ’ਤੇ ਇਸ ਦੇ ਪ੍ਰਭਾਵ ਬਾਰੇ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ, ਜਿਸ ਵਿਚ 200 ਤੋਂ ਵੱਧ ਔਰਤਾਂ ਸ਼ਾਮਲ ਹੋਈਆਂ। ਇਕੱਠ ਨੂੰ ਸੰਬੋਧਨ ਕਰਦਿਆਂ ਵਿਜਯਾ ਰਹਾਟਕਰ ਨੇ ਔਰਤਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਪਰਿਵਾਰਕ ਤੇ ਭਾਈਚਾਰਕ ਪੱਧਰ ਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਸਮੂਹਿਕ ਤੌਰ ’ਤੇ ਅੱਗੇ ਆਉਣ ਦਾ ਸੱਦਾ ਦਿੱਤਾ। ਸਕੂਲ ਦੇ ਵਿਦਿਆਰਥੀਆਂ ਨੇ ਇਕ ਨੁੱਕੜ ਨਾਟਕ ਪੇਸ਼ ਕੀਤਾ, ਜਿਸ ਵਿਚ ਪਰਿਵਾਰਾਂ ’ਤੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ। ਇਸ ਪੇਸ਼ਕਾਰੀ ਨੇ ਨਸ਼ੇ ਦੀ ਆਦਤ ਦੇ ਵਿਆਪਕ ਸਮਾਜਿਕ ਨਤੀਜਿਆਂ ਅਤੇ ਰੋਕਥਾਮ ਦੇ ਯਤਨਾਂ ਵਿਚ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਮਹਿਲਾ ਜਨ-ਸੁਣਵਾਈ ਦੌਰਾਨ 96 ਸ਼ਿਕਾਇਤਾਂ ਸੁਣੀਆਂ ਗਈਆਂ ਇਸ ਤੋਂ ਬਾਅਦ ਚੇਅਰਪਰਸਨ ਨੇ ‘ਮਹਿਲਾ ਜਨ-ਸੁਣਵਾਈ’ ਕੀਤੀ ਤਾਂ ਜੋ ਔਰਤਾਂ ਨੂੰ ਆਪਣੀਆਂ ਸ਼ਿਕਾਇਤਾਂ ਸਿੱਧੇ ਤੌਰ ’ਤੇ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲ ਸਕੇ। ਹਾਲਾਂਕਿ ਦੌਰੇ ਤੋਂ ਪਹਿਲਾਂ ਤਰਨਤਾਰਨ ਤੋਂ ਛੇ ਮਾਮਲੇ ਕਮਿਸ਼ਨ ਕੋਲ ਦਰਜ ਹੋਏ ਸਨ, ਪਰ ਜਨ-ਸੁਣਵਾਈ ਦੌਰਾਨ ਭਾਰੀ ਹੁੰਗਾਰਾ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਸਿੱਧੇ ਤੌਰ ’ਤੇ ਬਿਨਾਂ ਪਹਿਲਾਂ ਤੋਂ ਮੁਲਾਕਾਤ ਤੈਅ ਕੀਤੇ ਕਮਿਸ਼ਨ ਕੋਲ ਪਹੁੰਚ ਕੀਤੀ। ਕਾਰਵਾਈ ਦੌਰਾਨ ਕੁੱਲ 96 ਸ਼ਿਕਾਇਤਾਂ ਸੁਣੀਆਂ ਗਈਆਂ। ਜਨ-ਸੁਣਵਾਈ ਦੌਰਾਨ ਘਰੇਲੂ ਹਿੰਸਾ ਇਕ ਪ੍ਰਮੁੱਖ ਚਿੰਤਾ ਵਜੋਂ ਉੱਭਰ ਕੇ ਸਾਹਮਣੇ ਆਈ। ਕਈ ਮਾਮਲਿਆਂ ਵਿਚ ਔਰਤਾਂ ਤੇ ਪਰਿਵਾਰਾਂ ’ਤੇ ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਗਿਆ। ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਸਮੀਖਿਆ ਮੀਟਿੰਗ ਵਿਜਯਾ ਰਹਾਟਕਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਔਰਤਾਂ ਨਾਲ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਗਈ, ਜਿਸ ਵਿਚ ਲਿੰਗ ਅਨੁਪਾਤ, ਪੀਸੀਪੀਐੱਨਡੀਟੀ ਐਕਟ ਨੂੰ ਲਾਗੂ ਕਰਨਾ, ਸੁਰੱਖਿਆ ਅਧਿਕਾਰੀਆਂ ਦੇ ਕੰਮਕਾਜ ਅਤੇ ਔਰਤਾਂ ਲਈ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸ਼ਾਮਿਲ ਸੀ। ਚੇਅਰਪਰਸਨ ਨੇ ਸਬੰਧਿਤ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਅਤੇ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਸਮੇਂ ਸਿਰ ਜਵਾਬ ਦੇਣ ਲਈ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਤੇ ਸਥਾਨਕ ਹਿੱਸੇਦਾਰਾਂ ਨਾਲ ਗੱਲਬਾਤ ਜ਼ਮੀਨੀ ਪੱਧਰ ’ਤੇ ਸ਼ਮੂਲੀਅਤ ਦੇ ਹਿੱਸੇ ਵਜੋਂ ਚੇਅਰਪਰਸਨ ਨੇ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੀਆਂ ਯੋਜਨਾਵਾਂ ਅਧੀਨ ਔਰਤਾਂ ਲਈ ਉਪਲਬੱਧ ਪੂੰਜੀ ਅਤੇ ਕਰਜ਼ੇ ਦੇ ਮੌਕਿਆਂ ਬਾਰੇ ਸੰਵੇਦਨਸ਼ੀਲ ਬਣਾਇਆ। ਗੱਲਬਾਤ ਉਪਲਬਧ ਵਿੱਤੀ ਸਹਾਇਤਾ ਬਾਰੇ ਜਾਗਰੂਕਤਾ ਵਧਾਉਣ ਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਸੀ। ਵਿਜਯਾ ਰਹਾਟਕਰ ਨੇ ਸਥਾਨਕ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਸਮਾਜਿਕ ਵਰਕਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਜੋ ਭਾਈਚਾਰਕ ਪੱਧਰ ’ਤੇ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਅਤੇ ਔਰਤਾਂ ਲਈ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿਚ ਸਥਾਨਕ ਹਿੱਸੇਦਾਰਾਂ ਦੀ ਭੂਮਿਕਾ ਤੇ ਚਰਚਾ ਕੀਤੀ ਜਾ ਸਕੇ। ਇਸ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਜ਼ਮੀਨੀ ਪੱਧਰ ’ਤੇ ਪਹੁੰਚ ਨੂੰ ਮਜ਼ਬੂਤ ਕਰਨ, ਨਿਆਂ ਤੱਕ ਪਹੁੰਚ ਨੂੰ ਸੁਚਾਰੂ ਬਣਾਉਣ, ਸ਼ਿਕਾਇਤ ਨਿਵਾਰਣ ਵਿਚ ਸੁਧਾਰ ਕਰਨ ਅਤੇ ਔਰਤਾਂ ਲਈ ਕਾਨੂੰਨਾਂ ਅਤੇ ਭਲਾਈ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਉਤਸ਼ਾਹਿਤ ਕਰਨ ਦੇ ਨਿਰੰਤਰ ਯਤਨਾਂ ਦਾ ਹਿੱਸਾ ਸੀ।