ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ’ਚ ਸਾਲਾਨਾ ਜੋੜ ਮੇਲੇ-ਜੱਗ ਦੀਆਂ ਤਿਆਰੀਆਂ ਜ਼ੋਰਾਂ ’ਤੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ’ਚ ਸਾਲਾਨਾ ਜੋੜ ਮੇਲੇ-ਜੱਗ ਦੀਆਂ ਤਿਆਰੀਆਂ ਜ਼ੋਰਾਂ ’ਤੇ
Publish Date: Wed, 23 Sep 2026 06:08 PM (IST)
Updated Date: Wed, 23 Sep 2026 06:12 PM (IST)
ਰਿਹਾਇਸ਼, ਲੰਗਰ ਤੇ ਸੁਰੱਖਿਆ ਦੇ ਕੀਤੇ ਵਿਸ਼ੇਸ਼ ਇੰਤਜ਼ਾਮ : ਮੈਨੇਜਰ ਕਾਹਲਵਾਂ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਵਿਖੇ 25 ਅਤੇ 26 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਸਬੰਧੀ ਸਾਲਾਨਾ ਜੋੜ ਮੇਲਾ-ਜੱਗ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਹਨ। ਦੇਸ਼ ਵਿਦੇਸ਼ ਤੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਸੰਗਤਾਂ ਦੀ ਆਮਦ ਵਧ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋੜ ਮੇਲੇ ਵਿਚ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਅਤੇ ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਮੁੰਡਾ ਪਿੰਡ ਨੇ ਦੱਸਿਆ ਕਿ ਸਮੁੱਚੇ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਰੰਗੇ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ, ਜਿਸ ਕਾਰਨ ਸਮੁੱਚਾ ਧਾਰਮਿਕ ਅਸਥਾਨ ਅਲੌਕਿਕ ਪੇਸ਼ ਕਰ ਰਿਹਾ ਹੈ। ਮੈਨੇਜਰ ਕਾਹਲਵਾਂ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਪਹੁੰਚਣ ਵਾਲੀਆਂ ਸੰਗਤਾਂ ਲਈ ਰਹਿਣ-ਸਹਿਣ, ਲੰਗਰ ਅਤੇ ਸੁਰੱਖਿਆ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੇਲਾ-ਜੱਗ ਦੌਰਾਨ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਵੀ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰ ਤਾਇਨਾਤ ਕੀਤੇ ਗਏ ਹਨ, ਜੋ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਸੇਵਾ ਨਿਭਾਉਣਗੇ। ਨਿਰਮਲ ਸਿੰਘ ਕਾਹਲਵਾਂ ਨੇ ਦੱਸਿਆ ਕਿ ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੇਲਾ-ਜੱਗ ਦੌਰਾਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਇਲਾਵਾ ਵੱਡੀ ਗਿਣਤੀ ਸੰਤ ਮਹਾਂਪੁਰਸ਼ ਤੇ ਧਾਰਮਿਕ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰੀਆਂ ਭਰਨਗੀਆਂ। ਉਨ੍ਹਾਂ ਸੰਗਤਾਂ ਨੂੰ ਮੇਲਾ-ਜੱਗ ਮੌਕੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ। ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਦੇ ਪ੍ਰਬੰਧਕਾਂ ਦੱਸਿਆ ਕਿ ਤਿੰਨ ਰੋਜ਼ਾ ਸਮਾਗਮਾਂ ਦੌਰਾਨ 24 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 26 ਸਤੰਬਰ ਨੂੰ ਸਵੇਰੇ 8:30 ਵਜੇ ਪੈਣਗੇ। 25 ਤੇ 26 ਸਤੰਬਰ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਕਥਾ-ਵਾਚਕ, ਢਾਡੀ ਅਤੇ ਕਵੀਸ਼ਰੀ ਜਥੇ ਹਿੱਸਾ ਲੈਣਗੇ। 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਬੀਬੀਆਂ ਅਤੇ ਪੁਰਸ਼ਾਂ ਵਾਸਤੇ ਸ੍ਰੀ ਬਾਉਲੀ ਸਾਹਿਬ ਵਿਚ ਇਸ਼ਨਾਨ ਕਰਨ ਦਾ ਸਮੇਂ ਅਨੁਸਾਰ ਵੱਖ-ਵੱਖ ਪ੍ਰਬੰਧ ਹੋਵੇਗਾ। 26 ਸਤੰਬਰ ਰਾਤ 7 ਤੋਂ 11 ਵਜੇ ਤਕ ਸ੍ਰੀ ਗੁਰੂ ਅਮਰਦਾਸ ਬੰਸ ਜਥੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਕੀਰਤਨ ਸਮਾਗਮ ਹੋਵੇਗਾ। ਇਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਜਗਤਾਰ ਸਿੰਘ, ਭਾਈ ਕੁਲਦੀਪ ਸਿੰਘ ਅਨੰਦਪੁਰੀ, ਭਾਈ ਜਰਨੈਲ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹਜ਼ੂਰੀ ਰਾਗੀ ਜਥੇਦਾਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਤੋਂ ਇਲਾਵਾ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ, ਅਕਾਊਂਟੈਂਟ ਲਵਪ੍ਰੀਤ ਸਿੰਘ, ਰਿਕਾਰਡ ਕੀਪਰ ਹਰਪ੍ਰੀਤ ਸਿੰਘ, ਰਸ਼ਪਾਲ ਸਿੰਘ ਰਾਣੀਵਲਾਹ, ਪੀਏ ਜਸਵਿੰਦਰ ਸਿੰਘ, ਖਜ਼ਾਨਚੀ ਜਸਬੀਰ ਸਿੰਘ, ਜੈਮਲ ਸਿੰਘ ਜਾਮਾਰਾਏ ਅਤੇ ਗੁਰਦੁਆਰਾ ਚੁਬਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਸਮਾਗਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮੇਲੇ ਦੌਰਾਨ ਹੋਣਗੇ ਇਹ ਸਮਾਗਮ 26 ਸਤੰਬਰ ਨੂੰ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਵਿਖੇ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਇਸੇ ਦਿਨ ਹੀ ਸ਼ਾਮ 4 ਵਜੇ ਸ੍ਰੀਮਾਨ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਅਗਵਾਈ ਵਿਚ ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਕੱਢਣਗੀਆਂ।