ਟਰਾਂਸਫਾਰਮਰ ’ਤੋਂ ਕਰੰਟ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਟਰਾਂਸਫਾਰਮਰ ’ਤੋਂ ਕਰੰਟ ਲੱਗਣ ਕਾਰਨ ਜਖ਼ਮੀ ਹੋਏ ਨੌਜਵਾਨ ਦੀ ਮੌਤ
Publish Date: Tue, 22 Sep 2026 08:33 PM (IST)
Updated Date: Tue, 22 Sep 2026 08:36 PM (IST)
ਲਾਈਨਮੈਨ ਤੇ ਗ੍ਰਿੱਡ ਦੇ ਦੋ ਆਪ੍ਰੇਟਰਾਂ ਖ਼ਿਲਾਫ਼ ਪੁਲਿਸ ਨੇ ਦਰਜ ਕੀਤਾ ਕੇਸ ਸਤਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ ਘਰਿਆਲਾ : ਪਿੰਡ ਸਭਰਾ ਵਿਖੇ ਟਰਾਂਸਫਾਰਮਰ ’ਤੇ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ 33 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਿੱਡਾ ਸਿੰਘ ਉਰਫ ਭਿੰਦਾ ਸਿੰਘ ਵਾਸੀ ਸਭਰਾ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪੱਤੀ ਭੁਰੇ ਕੀ ਸਭਰਾ ਬਿਆਨ ਦੇ ਆਧਾਰ ’ਤੇ ਪਾਵਰਕਾਮ ਦੇ ਲਾਈਨਮੈਨ ਤੇ ਦੋ ਗ੍ਰਿੱਡ ਆਪ੍ਰੇਟਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਭਿੱਡਾ ਸਿੰਘ ਉਰਫ ਭਿੰਦਾ ਸਿੰਘ ਦਿਹਾੜੀ ’ਤੇ ਬਿਜਲੀ ਬੋਰਡ ਦੇ ਕੰਮ ’ਤੇ ਜਾਂਦਾ ਸੀ। 8 ਸਤੰਬਰ ਨੂੰ ਕਰੀਬ 11 ਵਜੇ ਬਿਜਲੀ ਬੋਰਡ ਦਾ ਲਾਈਨਮੈਨ ਲਖਬੀਰ ਸਿੰਘ, ਜੋ ਬਿਜਲੀ ਘਰ ਸਭਰਾ ਵਿਖੇ ਡਿਊਟੀ ਕਰਦਾ ਹੈ, ਉਸ ਨੂੰ ਟਰਾਂਸਫਾਰਮਰ ਦੀ ਲਾਈਟ ਠੀਕ ਕਰਨ ਲਈ ਘਰੋਂ ਨਾਲ ਲੈ ਗਿਆ। ਇਹ ਟਰਾਂਸਫਾਰਮਰ ਗੁਰਦੁਆਰਾ ਬਾਬਾ ਬੀਰ ਸਿੰਘ ਸਭਰਾ ਦੇ ਸਾਹਮਣੇ ਸਥਿਤ ਹੈ। ਸ਼ਿਕਾਇਤਕਰਤਾ ਅਨੁਸਾਰ, ਲਖਬੀਰ ਸਿੰਘ ਭਿੱਡਾ ਸਿੰਘ ਤੇ ਸਹਾਇਕ ਲਾਈਨਮੈਨ ਹਰਜੀਤ ਸਿੰਘ ਨੂੰ ਟਰਾਂਸਫਾਰਮਰ ਕੋਲ ਛੱਡ ਕੇ ਬਿਜਲੀ ਘਰ ਸਭਰਾ ਚਲਾ ਗਿਆ। ਇਸ ਤੋਂ ਬਾਅਦ ਹਰਜੀਤ ਸਿੰਘ ਨੇ ਫੋਨ ਕਰ ਕੇ ਲਖਬੀਰ ਸਿੰਘ ਨੂੰ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਬੰਦ ਕਰਨ ਲਈ ਕਿਹਾ। ਲਖਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਗੁਰਜੰਟ ਸਿੰਘ ਗ੍ਰਿੱਡ ਆਪ੍ਰੇਟਰ ਨੂੰ ਬਿਜਲੀ ਬੰਦ ਕਰਨ ਲਈ ਕਹਿ ਦਿੱਤਾ ਹੈ ਤੇ ਗੁਰਜੰਟ ਸਿੰਘ ਨੇ ਵੀ ਹਰਜੀਤ ਸਿੰਘ ਨੂੰ ਸਪਲਾਈ ਬੰਦ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਭਿੱਡਾ ਸਿੰਘ ਨੂੰ ਬਿਜਲੀ ਠੀਕ ਕਰਨ ਲਈ ਟਰਾਂਸਫਾਰਮਰ ’ਤੇ ਚੜ੍ਹਾ ਦਿੱਤਾ। ਪਰ ਜਦੋਂ ਭਿੱਡਾ ਸਿੰਘ ਟਰਾਂਸਫਾਰਮਰ ’ਤੇ ਚੜ੍ਹਿਆ ਤਾਂ ਉਸ ਵਿਚ ਬਿਜਲੀ ਦੀ ਸਪਲਾਈ ਆ ਰਹੀ ਸੀ। ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਉਸ ਦੀ ਧੌਣ ਹੇਠਾਂ ਵੱਜਣ ਕਾਰਨ ਰੀੜ੍ਹ ਦੀ ਹੱਡੀ ਦੇ ਮਣਕਿਆਂ ’ਤੇ ਵੀ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਭਿੱਡਾ ਸਿੰਘ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਲਾਈਨਮੈਨ ਲਖਬੀਰ ਸਿੰਘ, ਗ੍ਰਿੱਡ ਆਪ੍ਰੇਟਰ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਤਿੰਨੇ ਵਾਸੀ ਸਭਰਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।