- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਿੰਦਰ ਬ੍ਰਹਮਪੁਰਾ ਨੇ ਲੋਕਾਂ ਦੀ ਸੇਵਾ ਦੱਸਿਆ ‘ਆਪ’ ਵਿਚ ਜਾਣ ਦਾ ਕਾਰਨ

ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਮੈਂਬਰਸ਼ਿਪ ਖ਼ਾਰਜ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਤਰਨਤਾਰਨ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਸੀ, ਨੇ ਐਤਵਾਰ ਨੂੰ ‘ਆਪ’ ਦਾ ਪੱਲਾ ਫੜ੍ ਲਿਆ ਹੈ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਕਾਰਨ ਕੁਰਸੀ ਦੀ ਲਾਲਸਾ ਨਹੀਂ ਬਲਕਿ ਲੋਕਾਂ ਦੀ ਸੇਵਾ ਕਰਾਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੀ ਇਸ ਦਲਬਦਲੀ ਨਾਲ ਹਲਕੇ ਦੀ ਸਿਆਸਤ ਵਿਚ ਕੀ ਬਦਲਾਅ ਆਉਂਦੇ ਹਨ, ਇਹ ਸਪੱਸ਼ਟ ਹੋਣ ’ਤੇ ਅਜੇ ਕੁਝ ਸਮਾਂ ਲੱਗ ਸਕਦਾ ਹੈ। ਕਿਉਂਕਿ ਇਸ ਹਲਕੇ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਹਨ।
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਉਹ ਆਮ ਆਦਮੀ ਪਾਰਟੀ ਵਿਚ ਕਿਸੇ ਅਹੁਦੇ ਦੀ ਲਾਲਸਾ ਵਾਸਤੇ ਸ਼ਾਮਲ ਨਹੀਂ ਹੋਏ, ਬਲਕਿ ਉਨ੍ਹਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਆਪਣੇ ਇਲਾਕੇ ਦੇ ਆਮ ਲੋਕਾਂ ਦੀ ਨਿਮਾਣੀ ਸੇਵਾ ਅਤੇ ਹਲਕੇ ਦਾ ਤਨਦੇਹੀ ਨਾਲ ਕੰਮ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਫ਼ੈਸਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦੇ ਗਏ ‘ਸਤਿਕਾਰ ਐਕਟ’ ਅਤੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨਸ਼ਿਆਂ ਦੇ ਕੋਹੜ ਵਿਰੁੱਧ ਛੇੜੀ ਗਈ ਫ਼ੈਸਲਾਕੁੰਨ ਜੰਗ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੀ ਇਮਾਨਦਾਰ ਅਤੇ ਦਲੇਰ ਲੀਡਰਸ਼ਿਪ ਦੀ ਲੋੜ ਹੈ, ਜੋ ਜ਼ਮੀਨੀ ਪੱਧਰ ’ਤੇ ਮਾਫ਼ੀਏ ਦਾ ਲੱਕ ਤੋੜ ਰਹੀ ਹੈ।
ਆਪਣੇ ਪਿਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਯਾਦ ਕਰਦਿਆਂ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਬਾਪੂ ਜੀ ਨੇ ਆਪਣਾ ਸਮੁੱਚਾ ਜੀਵਨ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦਿਆਂ ਇਕ ਨਿਮਾਣੇ ਟਕਸਾਲੀ ਵਜੋਂ ਮਾਝੇ ਦੀ ਧਰਤੀ ’ਤੇ ਬਤੀਤ ਕੀਤਾ, ਉਨ੍ਹਾਂ ਦੀ ਇਸੇ ਨਿਸ਼ਕਾਮ ਸੇਵਾ ਅਤੇ ਕੁਰਬਾਨੀ ਸਦਕਾ ਹੀ ਲੋਕਾਂ ਨੇ ਉਨ੍ਹਾਂ ਨੂੰ ‘ਮਾਝੇ ਦਾ ਜਰਨੈਲ’ ਖ਼ਿਤਾਬ ਨਾਲ ਨਿਵਾਜਿਆ ਸੀ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਸਵਰਗੀ ਬ੍ਰਹਮਪੁਰਾ ਵੱਲੋਂ ਪਾਏ ਹੋਏ ਪੂਰਨਿਆਂ ’ਤੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਦਾ ਹਿੱਸਾ ਬਣ ਕੇ ਪੰਜਾਬ ਦੀ ਬਿਹਤਰੀ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਦਿਨ-ਰਾਤ ਇਕ ਕਰ ਦੇਵਾਂਗਾ।
ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਕੰਵਰਦੀਪ ਸਿੰਘ ਬ੍ਰਹਮਪੁਰਾ, ਅਮਰੀਕ ਸਿੰਘ ਸਰਪੰਚ ਚੋਹਲਾ ਸਾਹਿਬ, ਹਰਜਿੰਦਰ ਸਿੰਘ ਬਾਦਸ਼ਾਹ, ਬਲਬੀਰ ਸਿੰਘ ਬੱਲੀ ਡਾਇਰੈਕਟਰ, ਜਤਿੰਦਰ ਸਿੰਘ ਕੈਰੋਂ, ਫਤਿਹ ਪੈਵੀ ਘੁੰਮਣ, ਪਰਮਿੰਦਰ ਸਿੰਘ ਕੈਰੋਂ ਬਲਾਕ ਸੰਮਤੀ ਮੈਂਬਰ, ਗੁਰਭੇਜ ਸਿੰਘ ਕੈਰੋਂ, ਲਵਪ੍ਰੀਤ ਸਿੰਘ ਕੈਰੋਂ, ਬਲਜਿੰਦਰ ਸਿੰਘ ਗੋਹਲਵੜ, ਗੌਰਵਦੀਪ ਸਿੰਘ ਖਹਿਰਾ, ਜਗਮੀਤ ਹੁੰਦਲ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਆਗੂ ਵੀ ਸ਼ਾਮਲ ਹੋਏ ਹਨ।