ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਤਰਨਤਾਰਨ ’ਚ ਅੱਜ ਕਰਨਗੇ ‘ਮਹਿਲਾ ਜਨ-ਸੁਣਵਾਈ’ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਤਰਨਤਾਰਨ ’ਚ ਅੱਜ ਕਰਨਗੇ 'ਮਹਿਲਾ ਜਨ-ਸੁਣਵਾਈ'
Publish Date: Tue, 22 Sep 2026 06:32 PM (IST)
Updated Date: Tue, 22 Sep 2026 06:36 PM (IST)
ਪੇਂਡੂ ਵਿਕਾਸ ਭਵਨ ’ਚ ਜਨ-ਸੁਣਵਾਈ ਸਬੰਧੀ ਸਵੇਰੇ 10 ਵਜੇ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ ਔਰਤਾਂ ਨਾਲ ਸਬੰਧਿਤ ਵੱਖ-ਵੱਖ ਸਮਾਗਮਾਂ ਤੇ ਮੀਟਿੰਗਾਂ ’ਚ ਕਰਨਗੇ ਸ਼ਿਰਕਤ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਯਾ ਰਹਾਟਕਰ ਅੱਜ 23 ਸਤੰਬਰ ਨੂੰ ਤਰਨਤਾਰਨ ਜ਼ਿਲ੍ਹੇ ਦਾ ਦੌਰਾ ਕਰਨਗੇ। ਇਹ ਦੌਰਾ ਜ਼ਮੀਨੀ ਪੱਧਰ ’ਤੇ ਸੰਪਰਕ ਮਜ਼ਬੂਤ ਕਰਨ, ਔਰਤਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਔਰਤ-ਕੇਂਦਰਿਤ ਪਹਿਲਕਦਮੀਆਂ ਤੇ ਸਹਾਇਤਾ ਪ੍ਰਣਾਲੀਆਂ ਦੀ ਸਮੀਖਿਆ ਕਰਨ ਲਈ ਕਮਿਸ਼ਨ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਆਪਣੇ ਦੌਰੇ ਦੌਰਾਨ ਉਹ ਤਰਨਤਾਰਨ ਵਿਖੇ ‘ਮਹਿਲਾ ਜਨ-ਸੁਣਵਾਈ’ ਕਰਨਗੇ, ਜਿਸ ਨਾਲ ਔਰਤਾਂ ਨੂੰ ਆਪਣੀਆਂ ਸ਼ਿਕਾਇਤਾਂ, ਚਿੰਤਾਵਾਂ ਅਤੇ ਮੁੱਦਿਆਂ ਨੂੰ ਸਿੱਧੇ ਤੌਰ ’ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਰੱਖਣ ਦਾ ਮੌਕਾ ਮਿਲੇਗਾ। ਇਹ ਜਨ-ਸੁਣਵਾਈ ਅੱਜ 23 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤਕ ਪੇਂਡੂ ਵਿਕਾਸ ਭਵਨ, ਤਰਨਤਾਰਨ ਵਿਖੇ ਹੋਵੇਗੀ। ਇਸ ਸਬੰਧੀ ਰਜਿਸਟ੍ਰੇਸ਼ਨ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਆਪਣੇ ਦੌਰੇ ਦੌਰਾਨ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨਤਾਰਨ ਵਿਖੇ ਨਸ਼ਿਆਂ ਦੀ ਸਮੱਸਿਆ-ਔਰਤਾਂ ’ਤੇ ਪੈਣ ਵਾਲੇ ਬੋਝ ਨੂੰ ਉਜਾਗਰ ਕਰਨਾ ਵਿਸ਼ੇ ’ਤੇ ਇਕ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਸਮੇਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਸ ਦੌਰਾਨ ਚੇਅਰਪਰਸਨ ‘ਵਨ ਸਟਾਪ ਸੈਂਟਰ’, ਤਰਨਤਾਰਨ ਦਾ ਦੌਰਾ ਵੀ ਕਰਨਗੇ ਤਾਂ ਜੋ ਇਸ ਕੇਂਦਰ ਰਾਹੀਂ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਹਾਇਤਾ ਦੀ ਸਮੀਖਿਆ ਕੀਤੀ ਜਾ ਸਕੇ। ਇਸ ਦੌਰੇ ਦੇ ਹਿੱਸੇ ਵਜੋਂ ਉਹ ‘ਪੋਸ਼ਣ ਮਾਹ’ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਗੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਸ਼ਾਮ ਨੂੰ ਉਹ ਤਰਨਤਾਰਨ ਵਿਚ ਸਥਾਨਕ ਨੁਮਾਇੰਦਿਆਂ ਅਤੇ ਆਗੂਆਂ ਨਾਲ ਗੱਲਬਾਤ ਕਰਨਗੇ ਜਿਸ ਨਾਲ ਔਰਤਾਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਅਤੇ ਸਥਾਨਕ ਪੱਧਰ ’ਤੇ ਕੰਮ ਕਰ ਰਹੇ ਹਿੱਸੇਦਾਰਾਂ ਨਾਲ ਤਾਲਮੇਲ ਮਜ਼ਬੂਤ ਕਰਨ ਲਈ ਇਕ ਮੰਚ ਮਿਲੇਗਾ।