ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਅਲੌਕਿਕ ਡ੍ਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਅਲੌਕਿਕ ਡ੍ਰੋਨ ਸ਼ੋਅ
Publish Date: Tue, 22 Sep 2026 05:15 PM (IST)
Updated Date: Tue, 22 Sep 2026 05:18 PM (IST)
500 ਡ੍ਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਤੇ ਸਿੱਖਿਆਵਾਂ ਦੀ ਹੋਈ ਪੇਸ਼ਕਾਰੀ ਪੰਜਾਬ ਸਰਕਾਰ ਨੇ ਗੁਰੂ ਜੀ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਦਾ ਕੀਤਾ ਵਿਸ਼ੇਸ਼ ਉਪਰਾਲਾ : ਜੱਸਾ ਪੱਟੀ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸੋਮਵਾਰ ਨੂੰ ਸ਼ਾਮ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਪੱਟੀ ਦੀ ਗਰਾਊਂਡ ਵਿਚ 500 ਡ੍ਰੋਨਾਂ ਰਾਹੀਂ ਸ਼ਾਨਦਾਰ ਡ੍ਰੋਨ ਸ਼ੋਅ ਕਰਵਾਇਆ ਗਿਆ। ਇਸ ਦਿਲਕਸ਼ ਸ਼ੋਅ ਦੌਰਾਨ ਅਸਮਾਨ ਵਿਚ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ, ਮਹਾਨ ਸਿੱਖਿਆਵਾਂ, ਸੱਚੀ-ਸੁੱਚੀ ਕਿਰਤ ਅਤੇ ਸਰਬ-ਸਾਂਝੇ ਫਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਤਕਨਾਲੋਜੀ ਅਤੇ ਅਧਿਆਤਮਿਕਤਾ ਦੇ ਇਸ ਵਿਲੱਖਣ ਸੁਮੇਲ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਨਿਹਾਰਿਆ। ਡ੍ਰੋਨਾਂ ਰਾਹੀਂ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸਦੀਵੀ ਸੰਦੇਸ਼ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ, ਐੱਸਡੀਐੱਮ ਪੱਟੀ ਅਮਨਦੀਪ, ਡੀਐੱਸਪੀ ਪੱਟੀ ਰਵੀ ਸ਼ੇਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਪੱਟੀ ਗੁਰਵੰਤ ਸਿੰਘ ਜੋਤੀ ਸ਼ਾਹ, ਕੌਂਸਲਰ ਕਵਲਪ੍ਰੀਤ ਸਿੰਘ ਗਿੱਲ ਕੌਂਸਲਰ, ਪ੍ਰਿੰਸੀਪਲ ਜਸਬੀਰ ਕੌਰ ਸੈਣੀ, ਸਟੇਜ ਸਕੱਤਰ ਲੈਕਚਰਾਰ ਕੁਲਵਿੰਦਰ ਸਿੰਘ, ਰਾਜਨਪ੍ਰੀਤ ਸਿੰਘ ਕੌਂਸਲਰ, ਸੁਰਜੀਤ ਸਿੰਘ ਕੌਂਸਲਰ, ਹਰਜਿੰਦਰ ਸਿੰਘ ਪੱਪੂ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਸਰਪੰਚ ਨੌਸ਼ਹਿਰਾ ਪੰਨੂਆ, ਬਲਜਿੰਦਰ ਸਿੰਘ ਚੂਸਲੇਵੜ, ਜਗਤਾਰ ਸਿੰਘ ਬੱਬੀ, ਗਗਨਦੀਪ ਸਿੰਘ ਗੁਲਾਲੀਪੁਰ, ਜੇਈ ਮਨਜਿੰਦਰ ਸਿੰਘ, ਹੈਪੀ ਕੰਬੋਜ, ਨੰਬਰਦਾਰ ਧਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ। ਸੰਗਤ ਨੂੰ ਸੰਬੋਧਨ ਕਰਦਿਆਂ ਜਸਕੰਵਰ ਸਿੰਘ ਜੱਸਾ ਪੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ, ਤਾਂ ਜੋ ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਮਹਾਨ ਫਲਸਫ਼ੇ ਤੋਂ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਡ੍ਰੋਨ ਸ਼ੋਅ ਗੁਰੂ ਜੀ ਦੇ ਬਰਾਬਰੀ ਤੇ ਮਨੁੱਖੀ ਸਨਮਾਨ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਸਬੰਧੀ ਪ੍ਰੋਗਰਾਮਾਂ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਵਿਸ਼ੇਸ਼ ਵੈਨਾਂ ਰਾਹੀਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਸ਼ੋਅ ਸੂਬੇ ਦੇ 13 ਹਜ਼ਾਰ ਪਿੰਡਾਂ ਵਿਚ ਦਿਖਾਏ ਜਾ ਰਹੇ ਹਨ, ਜਦੋਂਕਿ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਲਈ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ 92 ਡ੍ਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਗੁਰੂ ਜੀ ਦੇ ਸਰਬ-ਸਾਂਝੇ ਫਲਸਫ਼ੇ ਅਤੇ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਜੀਵਨ ਅਤੇ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਸਾਂਝੀਵਾਲਤਾ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਸ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਜਲੰਧਰ ਵਾਲਿਆਂ ਦੇ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ।