ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ ਚਾਲਕ, ਸਕੂਲ ਬੱਸ ਝੋਨੇ ਦੇ ਖੇਤ ’ਚ ਉੱਤਰੀ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ ਚਾਲਕ, ਸਕੂਲ ਬੱਸ ਝੋਨੇ ਦੇ ਖੇਤ ਵਿਚ ਉੱਤਰੀ
Publish Date: Tue, 22 Sep 2026 05:01 PM (IST)
Updated Date: Tue, 22 Sep 2026 05:03 PM (IST)
ਵਾਲ-ਵਾਲ ਬਚੇ ਬੱਚੇ, ਪ੍ਰਿੰਸੀਪਲ ਨੇ ਡਰਾਈਵਰ ਤੇ ਬੱਸ ਮਾਲਕ ਖ਼ਿਲਾਫ਼ ਪੁਲਿਸ ਨੂੰ ਕੀਤੀ ਸ਼ਿਕਾਇਤ ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ ਖਾਲੜਾ : ਭਿੱਖੀਵਿੰਡ ਦੇ ਇਕ ਨਿੱਜੀ ਸਕੂਲ ਦੀ ਬੱਸ ਕਥਿਤ ਤੌਰ ’ਤੇ ਡਰਾਈਵਰ ਦੀ ਅਣਗਹਿਲੀ ਕਾਰਨ ਪਿੰਡ ਦਰਾਜਕੇ ਨੇੜੇ ਸੜਕ ਤੋਂ ਹੇਠਾਂ ਉੱਤਰ ਕੇ ਝੋਨੇ ਦੇ ਖੇਤ ਵਿਚ ਜਾ ਵੜੀ। ਹਾਦਸੇ ਦੌਰਾਨ ਬੱਸ ਵਿਚ ਸਵਾਰ ਸਾਰੇ ਬੱਚੇ ਸੁਰੱਖਿਅਤ ਰਹੇ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬੱਸ ਵਿੱਚੋਂ ਬਾਹਰ ਕੱਢ ਲਿਆ ਗਿਆ। ਜਾਣਕਾਰੀ ਮੁਤਾਬਕ, ਇਸ ਮਾਮਲੇ ਸਬੰਧੀ ਸਕੂਲ ਦੀ ਪ੍ਰਿੰਸੀਪਲ ਵੱਲੋਂ ਬੱਸ ਡਰਾਈਵਰ ਤੇ ਬੱਸ ਦੇ ਮਾਲਕ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿਚ ਪ੍ਰਿੰਸੀਪਲ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਉਕਤ ਬੱਸ ਡਰਾਈਵਰ ਦੀ ਕੰਮ ਪ੍ਰਤੀ ਲਾਪਰਵਾਹੀ ਬਾਰੇ ਪਹਿਲਾਂ ਵੀ ਬੱਸ ਦੇ ਮਾਲਕ ਨੂੰ ਜਾਣੂ ਕਰਵਾਇਆ ਗਿਆ ਸੀ। ਸ਼ਿਕਾਇਤ ਅਨੁਸਾਰ, ਬੀਤੇ ਦਿਨ ਸਕੂਲ ਤੋਂ ਬੱਚਿਆਂ ਨੂੰ ਵਾਪਸ ਲੈ ਕੇ ਆਉਂਦੇ ਸਮੇਂ ਬੱਸ ਚਲਾਉਂਦੇ ਹੋਏ ਡਰਾਈਵਰ ਵੱਲੋਂ ਕਥਿਤ ਤੌਰ ’ਤੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉੱਤਰ ਗਈ ਅਤੇ ਝੋਨੇ ਦੇ ਖੇਤ ਵਿਚ ਜਾ ਵੜੀ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਤੁਰੰਤ ਬੱਸ ਵਿੱਚੋਂ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕਿਸੇ ਵੀ ਬੱਚੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਸਾਰੇ ਬੱਚੇ ਸੁਰੱਖਿਅਤ ਦੱਸੇ ਜਾ ਰਹੇ ਹਨ। ਸਕੂਲ ਦੀ ਪ੍ਰਿੰਸੀਪਲ ਵੱਲੋਂ ਆਪਣੀ ਸ਼ਿਕਾਇਤ ਵਿਚ ਬੱਸ ਡਰਾਈਵਰ ਦੇ ਨਾਲ-ਨਾਲ ਬੱਸ ਮਾਲਕ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੜਕ ਸੁਰੱਖਿਆ ਨਿਯਮਾਂ ਤਹਿਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਮਨਾਹੀ ਹੈ। ਮਾਹਿਰਾਂ ਅਨੁਸਾਰ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਹਾਦਸਿਆਂ ਦਾ ਖ਼ਤਰਾ ਵਧਾ ਸਕਦੀ ਹੈ, ਖ਼ਾਸ ਕਰਕੇ ਜਦੋਂ ਵਾਹਨ ਵਿਚ ਸਕੂਲੀ ਬੱਚੇ ਸਵਾਰ ਹੋਣ।