ਧੀ ਦੇ ਵਿਦੇਸ਼ੋਂ ਆਉਣ ’ਤੇ ਅੱਜ ਜੱਦੀ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਥਾਣੇਦਾਰ ਦਾ ਅੰਤਮ ਸੰਸਕਾਰ ਥਾਣੇਦਾਰ ਹਰਜੀਤ ਸਿੰਘ ਦੀ ਮੌਤ ਦੇ ਚੱਲਦਿਆਂ ਪਿੰਡ ਰਾਮਪੁਰ ਭੂਤਵਿੰਡ ’ਚ ਸੋਗ ਦੀ ਲਹਿਰ
Publish Date: Fri, 18 Sep 2026 09:10 PM (IST)
Updated Date: Fri, 18 Sep 2026 09:11 PM (IST)
ਥਾਣੇਦਾਰ ਹਰਜੀਤ ਸਿੰਘ ਦੀ ਮੌਤ ਦੇ ਚੱਲਦਿਆਂ ਪਿੰਡ ਰਾਮਪੁਰ ਭੂਤਵਿੰਡ ’ਚ ਸੋਗ ਦੀ ਲਹਿਰ ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਅੰਮ੍ਰਿਤਸਰ ਦੀ ਦਾਣਾ ਮੰਡੀ ਵਿਚ ਡਿਊਟੀ ਦੌਰਾਨ ਗੋਲ਼ੀ ਮਾਰ ਕੇ ਕਤਲ ਕੀਤੇ ਗਏ ਪੰਜਾਬ ਪੁਲਿਸ ਦੇ ਥਾਣੇਦਾਰ ਹਰਜੀਤ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਰਾਮਪੁਰ ਭੂਤਵਿੰਡ ਪਹੁੰਚੀ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿਚ ਪਿੰਡ ਵਾਸੀ, ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਹਨ। ਦੱਸ ਦਈਏ ਕਿ ਧੀ ਦੇ ਵਿਦੇਸ਼ ਤੋਂ ਪਰਤਣ ਉਪਰੰਤ ਸ਼ਨਿਚਰਵਾਰ ਨੂੰ ਥਾਣੇਦਾਰ ਦੀ ਦੇਹ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਸਵਰਗੀ ਕਰਨੈਲ ਸਿੰਘ ਵਾਸੀ ਪਿੰਡ ਰਾਮਪੁਰ ਭੂਤਵਿੰਡ ਦਾ ਜਨਮ 1971 ਵਿਚ ਮਾਤਾ ਨਰਿੰਦਰ ਕੌਰ ਨੇ ਘਰ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਛੇਵੀਂ ਤੋਂ ਦਸਵੀਂ ਜਮਾਤ ਤਕ ਸਰਕਾਰੀ ਸਕੂਲ ਵੈਰੋਵਾਲ ਵਿਖੇ ਪੜ੍ਹਾਈ ਕੀਤੀ। ਹਰਜੀਤ ਸਿੰਘ ਸਾਲ 1992 ’ਚ ਪੰਜਾਬ ਪੁਲਿਸ ਵਿਚ ਭਰਤੀ ਹੋਇਆ। ਪੁਲਿਸ ਦੀ ਟਰੇਨਿੰਗ ਉਪਰੰਤ ਉਨ੍ਹਾਂ ਨੇ ਕਮਾਂਡੋ ਕੋਰਸ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਹ ਥਾਣਾ ਗੇਟ ਹਕੀਮਾਂ ਵਿਖੇ ਡਿਊਟੀ ਨਿਭਾਅ ਰਹੇ ਸਨ। ਉਹ ਆਪਣੇ ਪਰਿਵਾਰ ਸਮੇਤ ਮਜੀਠਾ ਪੁਲਿਸ ਲਾਈਨ ਦੇ ਸਰਕਾਰੀ ਕੁਆਰਟਰਾਂ ਵਿਚ ਰਹਿ ਰਹੇ ਸਨ। ਵੀਰਵਾਰ ਰਾਤ ਹਰਜੀਤ ਸਿੰਘ ਦੀ ਦਾਣਾ ਮੰਡੀ ਅੰਮ੍ਰਿਤਸਰ ਵਿਖੇ ਗਸ਼ਤ ਦੀ ਡਿਊਟੀ ਲੱਗੀ ਹੋਈ ਸੀ। ਡਿਊਟੀ ਦੌਰਾਨ ਅਣਪਛਾਤਿਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਸੋਗ ਛਾ ਗਿਆ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਜੀਤ ਸਿੰਘ ਸੁਭਾਅ ਪੱਖੋਂ ਮਿਲਣਸਾਰ ਅਤੇ ਮਦਦਗਾਰ ਸਨ। ਉਹ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਰਜੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਇਕ ਬੇਟੀ ਪਿਛਲੇ ਦੋ ਸਾਲਾਂ ਤੋਂ ਇੰਗਲੈਂਡ ’ਚ ਰਹਿ ਰਹੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੇਟੀ ਦੇ ਪਹੁੰਚਣ ਉਪਰੰਤ ਸ਼ਨਿਚਵਾਰ ਨੂੰ ਅੰਮ੍ਰਿਤਸਰ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਰਾਮਪੁਰ ਭੂਤਵਿੰਡ ਲਿਆਂਦਾ ਜਾਵੇਗਾ, ਜਿੱਥੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਅਮਰ ਸਿੰਘ ਤਿੰਮੋਵਾਲ, ਜਥੇ ਬਲਜੀਤ ਸਿੰਘ, ਜਥੇ ਬਲਬੀਰ ਸਿੰਘ, ਸਵਿੰਦਰ ਸਿੰਘ, ਮੁਖਤਾਰ ਸਿੰਘ ਮੈਂਬਰ ਪੰਚਾਇਤ, ਏਐੱਸਆਈ ਗੁਰਵੇਲ ਸਿੰਘ, ਦਿਲਬਾਗ ਸਿੰਘ, ਗੁਰਮੇਜ ਸਿੰਘ, ਰਾਜਵਿੰਦਰ ਸਿੰਘ, ਗੁਰਬੱਲੀ ਸਿੰਘ, ਦਲਬੀਰ ਸਿੰਘ ਦੋਧੀ, ਲਸ਼ਕਰ ਸਿੰਘ ਡਰਾਈਵਰ, ਬਹਾਦਰ ਸਿੰਘ ਮਿਸਤਰੀ, ਅਮਰੀਕ ਸਿੰਘ ਮੀਕਾ, ਪੱਪੂ ਸਮਾਜਸੇਵੀ ਅਤੇ ਹੋਰ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।