ਸੰਗਤ ਨੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਕੀਤਾ ਨਿੱਘਾ ਸਵਾਗਤ ਸੰਗਤ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਨਗਰ ਕੀਰਤਨ ਦਾ ਨਿੱਘਾ ਸਵਾਗਤ
Publish Date: Fri, 18 Sep 2026 05:52 PM (IST)
Updated Date: Fri, 18 Sep 2026 05:53 PM (IST)
ਬਾਬਾ ਬਿਧੀ ਚੰਦ ਜੀ ਦੇ ਜੋੜ ਮੇਲੇ ’ਤੇ ਸਜਾਇਆ ਵਿਸ਼ਾਲ ਨਗਰ ਕੀਰਤਨ ਕਾਰਜ ਸਿੰਘ ਬਿੱਟੂ•, ਪੰਜਾਬੀ ਜਾਗਰਣ ਸੁਰਸਿੰਘ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰਸਾਏ ਮਹਾਨ ਸੂਰਬੀਰ ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਲ ਪੰਥ ਦੇ ਹੈੱਡਕੁਆਰਟਰ ਗੁਰਦੁਆਰਾ ਸ੍ਰੀ ਛਾਉਣੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ। ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਸੰਗਤ ਨੇ ਫੁੱਲਾਂ ਦੀ ਵਰਖਾ ਕਰਦਿਆਂ ‘ਵਾਹਿਗੁਰੂ’ ਜੀ ਦਾ ਜਾਪ ਕੀਤਾ। ਬਾਬਾ ਬਿਧੀ ਚੰਦ ਦਲ ਪੰਥ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਨਗਰ ਕੀਰਤਨ ਵਿਚ ਹਾਥੀ-ਘੋੜੇ, ਗਤਕਾ ਪਾਰਟੀਆਂ, ਬੈਂਡ ਪਾਰਟੀ ਅਤੇ ਸਕੂਲੀ ਬੱਚੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਇਸ ਮੌਕੇ ਨਗਰ ਵਾਸੀਆਂ ਨੇ ਥਾਂ-ਥਾਂ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾ ਕੇ ਸੰਗਤਾਂ ਦੀ ਆਓ-ਭਗਤ ਕੀਤੀ। ਇਹ ਨਗਰ ਕੀਰਤਨ ਵੱਖ ਵੱਖ ਧਾਰਮਿਕ ਅਸਥਾਨਾਂ ’ਤੇ ਪੜਾਅ ਕਰਨ ਦੇ ਨਾਲ ਸਾਰੇ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਛਾਉਣੀ ਸਾਹਿਬ ਵਿਖੇ ਸੰਪੂਰਨ ਹੋਇਆ। ਇਸ ਮੌਕੇ ਬਾਬਾ ਪ੍ਰੇਮ ਸਿੰਘ ਬਿਧੀਚੰਦੀਏ, ਬਾਬਾ ਚਰਨਜੀਤ ਸਿੰਘ ਬਿਧੀਚੰਦੀਏ, ਜਥੇਦਾਰ ਜੋਗਿੰਦਰ ਸਿੰਘ, ਜਥੇਦਾਰ ਸਤਨਾਮ ਸਿੰਘ, ਜਥੇਦਾਰ ਕੁਲਦੀਪ ਸਿੰਘ ਬੇਗੇਪੁਰ, ਜਥੇਦਾਰ ਗੁਰਸੇਵਕ ਸਿੰਘ ਪੂਹਲਾ, ਜਥੇਦਾਰ ਨਿਰਮਲ ਸਿੰਘ, ਜਥੇਦਾਰ ਪ੍ਰਮਜੀਤ ਸਿੰਘ, ਜਥੇਦਾਰ ਸੁਖਦੇਵ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।