- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਦੀ ਲਾਮਿਸਾਲ ਪੇਸ਼ਕਾਰੀ ਕਰਨਗੇ 500 ਡ੍ਰੋਨ

ਐਤਵਾਰ ਰਾਤ ਨੂੰ ਤਰਨਤਾਰਨ ਦੇ ਅਸਮਾਨ ’ਤੇ ਦਿਸੇਗਾ ਅਦਭੁਤ ਨਜ਼ਾਰਾ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਹੋਵੇਗਾ ਵਿਲੱਖਣ ਡ੍ਰੋਨ ਸ਼ੋਅ
ਐੱਸਡੀਐੱਮ ਨੇ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ
ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਰਾਹੁਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਜ਼ਿਲ੍ਹੇ ਵਿਚ ਦੋ ਡ੍ਰੋਨ ਸ਼ੋਅ ਕਰਵਾਏ ਜਾ ਰਹੇ ਹਨ। ਪਹਿਲਾ ਡ੍ਰੋਨ ਸ਼ੋਅ ਐਤਵਾਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨਤਾਰਨ ਵਿਖੇ ਅਤੇ ਦੂਜਾ ਸ਼ੋਅ ਸੋਮਵਾਰ ਨੂੰ ਸਕੂਲ ਆਫ ਐਮੀਨੈਂਸ, ਪੱਟੀ ਵਿਖੇ ਹੋਵੇਗਾ।
ਐਤਵਾਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨਤਾਰਨ ਵਿਖੇ ਹੋਣ ਵਾਲੇ ਡ੍ਰੋਨ ਸ਼ੋਅ ਦੀਆਂ ਤਿਆਰੀਆਂ ਨੂੰ ਲੈ ਕੇ ਨੋਡਲ ਅਫ਼ਸਰ ਕਮ-ਐੱਸਡੀਐੱਮ ਤਰਨਤਾਰਨ ਡਾ. ਕਰਨਵੀਰ ਸਿੰਘ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਾਰੇ ਲੋੜੀਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਸ਼ਾਮ ਸਾਢੇ 6 ਵਜੇ ਤੋਂ ਸਮਾਗਮ ਸ਼ੁਰੂ ਹੋਵੇਗਾ, ਜਿਸ ਵਿਚ ਗੁਰਬਾਣੀ ਕੀਰਤਨ ਤੋਂ ਬਾਅਦ 8 ਵਜੇ ਡ੍ਰੋਨ ਸ਼ੋਅ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਡ੍ਰੋਨ ਸ਼ੋਅ ਤਰਨਤਾਰਨ ਦੇ ਅਸਮਾਨ 'ਤੇ ਇਕ ਵਿਲੱਖਣ ਅਤੇ ਅਦਭੁਤ ਨਜ਼ਾਰਾ ਪੇਸ਼ ਕਰੇਗਾ। ਇਸ ਦੌਰਾਨ ਇੱਕੋ ਸਮੇਂ 500 ਡ੍ਰੋਨ ਅਸਮਾਨ ਵਿਚ ਉੱਡਦੇ ਹੋਏ ਡਿਜੀਟਲ ਢੰਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ ਅਤੇ ਸਿੱਖਿਆਵਾਂ ਦੀ ਬਾਕਮਾਲ ਪੇਸ਼ਕਾਰੀ ਕਰਨਗੇ।
ਐੱਸਡੀਐੱਮ ਨੇ ਦੱਸਿਆ ਕਿ ਸਮਾਗਮ ਵਾਲੇ ਸਥਾਨ ’ਤੇ ਸੰਗਤ ਦੇ ਬੈਠਣ ਅਤੇ ਚਾਹ-ਪਾਣੀ ਦੇ ਢੁੱਕਵੇਂ ਇੰਤਜ਼ਾਮ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਾਰਕਿੰਗ, ਬੈਰੀਕੇਡਿੰਗ, ਸੁਖਾਲੀ ਐਂਟਰੀ, ਨਿਰਵਿਘਨ ਬਿਜਲੀ ਸਪਲਾਈ, ਮੈਡੀਕਲ ਸਹੂਲਤ, ਫਾਇਰ ਟੈਂਡਰ ਅਤੇ ਸੁਰੱਖਿਆ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਤਰਨਤਾਰਨ ਵਾਸੀਆਂ ਨੂੰ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਆਪਣੇ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ, ਐੱਸਐੱਚਓ ਸਿਟੀ ਪਰਮਜੀਤ ਸਿੰਘ ਵਿਰਦੀ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ, ਡ੍ਰੋਨ ਕੰਪਨੀ ਦੇ ਨੁਮਾਇੰਦੇ ਗਿਆਨਜੋਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।