- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਸ਼ਪਾਤੀ ਦੇ ਬਾਗ਼ਾਂ ਲਈ ਸਹੀ ਬੂਟੇ, ਸਹੀ ਤਕਨੀਕ ਅਤੇ ਪਾਣੀ ਦੀ ਸੁਚੱਜੀ ਵਰਤੋਂ ਜ਼ਰੂਰੀ - ਤਜਿੰਦਰ ਸਿੰਘ

ਡਿਪਟੀ ਡਾਇਰੈਕਟਰ ਬਾਗ਼ਬਾਨੀ ਨੇ ਜ਼ਿਮੀਂਦਾਰਾਂ ਨੂੰ ਕੀਤਾ ਸੁਚੇਤ
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਅਜੋਕੇ ਸਮੇਂ ਵਿਚ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਬਾਗ਼ਬਾਨੀ ਫ਼ਸਲਾਂ ਦਾ ਅਹਿਮ ਯੋਗਦਾਨ ਹੈ। ਇਸ ਲਈ ਆਉਣ ਵਾਲੇ ਦਸੰਬਰ-ਜਨਵਰੀ ਮਹੀਨਿਆਂ ਵਿਚ ਪੱਤਝੜ ਰੁੱਤ ਦੇ ਨਾਸ਼ਪਾਤੀ, ਆੜੂ, ਆਲੂ ਬੁਖਾਰਾ ਆਦਿ ਦੇ ਫ਼ਲਾਂ ਦੀ ਕਾਸ਼ਤ ਦਾ ਢੁੱਕਵਾਂ ਸਮਾਂ ਹੈ। ਡਿਪਟੀ ਡਾਇਰੈਕਟਰ ਬਾਗ਼ਬਾਨੀ ਤਜਿੰਦਰ ਸਿੰਘ ਨੇ ਜ਼ਿਮੀਂਦਾਰਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਨਾਸ਼ਪਾਤੀ ਦਾ ਬਾਗ਼ ਲਗਾਉਣ ਲਈ ਬੂਟਿਆਂ ਦੀ ਬੁਕਿੰਗ/ ਖ਼ਰੀਦ ਹਮੇਸ਼ਾ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਕਰਨੀ ਚਾਹੀਦੀ ਹੈ। ਨਿੱਜੀ ਜਾਂ ਗੈਰ-ਪ੍ਰਮਾਣਿਤ ਸਰੋਤਾਂ ਤੋਂ ਨਾਸ਼ਪਾਤੀ ਦੇ ਬੂਟੇ ਖ਼ਰੀਦਣ ਤੋਂ ਗੁਰੇਜ਼ ਕੀਤਾ ਜਾਵੇ। ਇਹ ਗੱਲ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਨਾਸ਼ਪਾਤੀ ਦੇ ਬਾਗ਼ ਨੂੰ ਫਲ ਆਉਣ ਲਈ ਲਗਭਗ 7-8 ਸਾਲ ਲੱਗ ਜਾਂਦੇ ਹਨ। ਇਸ ਲਈ ਉਨ੍ਹਾਂ ਬਾਗਬਾਨਾਂ ਨੂੰ ਬੂਟਿਆਂ ਦੀ ਗੁਣਵੱਤਾ ਅਤੇ ਸਰੋਤ ਬਾਰੇ ਕੋਈ ਸਮਝੌਤਾ ਨਾ ਕਰਨ ਦੀ ਸਲਾਹ ਦਿੱਤੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਾਸ਼ਪਾਤੀ ਦੇ ਬਾਗ਼ਾਂ ਵਿਚ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਵੱਖ-ਵੱਖ ਬਾਗਾਂ ਦੇ ਕੀਤੇ ਗਏ ਫੀਲਡ ਦੌਰਿਆਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਪੁਰਾਣੇ ਨਾਸ਼ਪਾਤੀ ਦੇ ਬਾਗਾਂ ਵਿਚ ਬਾਗਬਾਨਾਂ ਵੱਲੋਂ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਬੂਟਿਆਂ ਵਿਚਕਾਰ ਅਜਿਹੀਆਂ ਫ਼ਸਲਾਂ ਵੀ ਬੀਜੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਅਤੇ ਬਾਗਬਾਨੀ ਵਿਭਾਗ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਨਾਸ਼ਪਾਤੀ ਦੇ ਬਾਗ਼ਾਂ ਵਿਚ ਪਾਣੀ ਦੀ ਲੋੜ ਅਨੁਸਾਰ ਹੀ ਸਿੰਚਾਈ ਕੀਤੀ ਜਾਵੇ ਅਤੇ ਅਜਿਹੀਆਂ ਅੰਤਰਾਲ ਫ਼ਸਲਾਂ ਦੀ ਚੋਣ ਕੀਤੀ ਜਾਵੇ, ਜਿਨ੍ਹਾਂ ਲਈ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੋਵੇ।
ਬਾਗਬਾਨ ਆਪਣੇ ਨਾਸ਼ਪਾਤੀ ਦੇ ਬਾਗਾਂ ਦੀ ਸਿਹਤਮੰਦ ਅਤੇ ਲੰਬੇ ਸਮੇਂ ਤਕ ਉਤਪਾਦਕਤਾ ਬਣਾਈ ਰੱਖਣ ਲਈ ਸਹੀ ਬੂਟੇ, ਸਹੀ ਬਾਗਬਾਨੀ ਤਕਨੀਕ ਅਤੇ ਪਾਣੀ ਦੀ ਸੁਚੱਜੀ ਵਰਤੋਂ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਨਾਲ ਸਬੰਧਤ ਕਿਸੇ ਵੀ ਤਕਨੀਕੀ ਜਾਣਕਾਰੀ, ਬੂਟਿਆਂ ਦੀ ਚੋਣ, ਬਾਗ ਲਗਾਉਣ ਦੀ ਵਿਧੀ, ਸਿੰਚਾਈ ਜਾਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਜ਼ਿਲ੍ਹੇ ਦੇ ਬਾਗਬਾਨੀ ਅਧਿਕਾਰੀ, ਡਿਪਟੀ ਡਾਇਰੈਕਟਰ ਬਾਗਬਾਨੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਜੜ੍ਹਾਂ ਵਾਲੇ ਖੇਤਰ ’ਚ ਬੇਲੋੜੀ ਨਮੀ ਨਾ ਰਹਿਣ ਦਿੱਤੀ ਜਾਵੇ
ਬਾਗ਼ ਵਿਚ ਲਗਾਤਾਰ ਜਾਂ ਲੋੜ ਤੋਂ ਵੱਧ ਪਾਣੀ ਖੜ੍ਹਾ ਰਹਿਣ ਨਾਲ ਮਿੱਟੀ ਵਿਚ ਨਮੀ ਬਹੁਤ ਵੱਧ ਜਾਣ ਕਾਰਨ ਜੜ੍ਹਾਂ ਨਾਲ ਸਬੰਧਤ ਉੱਲੀ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੀ ਸਥਿਤੀ ਵਿਚ ਬੂਟਿਆਂ ਦੀਆਂ ਜੜ੍ਹਾਂ ਪ੍ਰਭਾਵਿਤ ਹੋਣ ਕਾਰਨ ਬੂਟੇ ਕਮਜ਼ੋਰ ਹੋ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਸੁੱਕਣ ਜਾਂ ਮਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਲਈ ਬਾਗਬਾਨਾਂ ਨੂੰ ਬਾਗਾਂ ਵਿਚ ਬੇਲੋੜੀ ਸਿੰਚਾਈ ਤੋਂ ਬਚਣ ਅਤੇ ਮਿੱਟੀ ਦੀ ਨਮੀ ਤੇ ਮੌਸਮ ਦੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਲੋੜ ਅਨੁਸਾਰ ਹੀ ਪਾਣੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਨ੍ਹਾਂ ਬਾਗਾਂ ਵਿਚ ਪਾਣੀ ਖੜ੍ਹਾ ਰਹਿਣ ਜਾਂ ਜੜ੍ਹਾਂ ਨਾਲ ਸਬੰਧਤ ਰੋਗਾਂ ਦੀ ਸਮੱਸਿਆ ਹੈ, ਉੱਥੇ ਪਾਣੀ ਦੀ ਨਿਕਾਸੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਬੂਟਿਆਂ ਦੀਆਂ ਜੜ੍ਹਾਂ ਵਾਲੇ ਖੇਤਰ ਵਿਚ ਬੇਲੋੜੀ ਨਮੀ ਨਾ ਰਹਿਣ ਦਿੱਤੀ ਜਾਵੇ।