ਖਡੂਰ ਸਾਹਿਬ ’ਚ ਸਿੰਧ ਬੈਂਕ ਦਾ ਏਟੀਐੱਮ ਲੁੱਟਣ ਦੀ ਕੀਤੀ ਕੋਸ਼ਿਸ਼ ਖਡੂਰ ਸਾਹਿਬ ’ਚ ਸਿੰਧ ਬੈਂਕ ਦੇ ਏਟੀਐੱਮ ਨੂੰ ਲੁੱਟਣ ਦੀ ਲੁਟੇਰਿਆਂ ਨੇ ਕੀਤੀ ਕੋਸ਼ਿਸ਼
Publish Date: Thu, 17 Sep 2026 08:49 PM (IST)
Updated Date: Thu, 17 Sep 2026 08:50 PM (IST)
ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਰਈਆ-ਜੰਡਿਆਲਾ ਮਾਰਗ ’ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਏਟੀਐੱਮ ਨੂੰ ਲੰਘੀ ਰਾਤ ਕਰੀਬ ਸਾਢੇ 12 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਪੂਰੀ ਤਿਆਰੀ ਨਾਲ ਰੰਗ-ਰੋਗਨ ਕਰਨ ਵਾਲੀ ਪੌੜੀ ਵੀ ਆਪਣੇ ਨਾਲ ਹੀ ਲਿਆਏ ਸਨ। ਉਸ ਦੀ ਮਦਦ ਨਾਲ ਪਹਿਲਾਂ ਤਾਂ ਉਨ੍ਹਾਂ ਨੇ ਤਿੰਨ ਸੀਸੀਟੀਵੀ ਕੈਮਰੇ ਉਤਾਰੇ ਅਤੇ ਫਿਰ ਏਟੀਐੱਮ ਦੇ ਨਾਲ ਵਾਲੇ ਸਕੂਲ ’ਚ ਦਾਖਲ ਹੋ ਕੇ ਏਟੀਐੱਮ ਦੀ ਕੰਧ ਨੂੰ ਸੰਨ੍ਹ ਲਗਾ ਕੇ ਅੰਦਰ ਜਾ ਵੜੇ। ਉਕਤ ਲੋਕਾਂ ਨੇ ਏਟੀਐੱਮ ਵਿੱਚੋਂ ਨਕਦੀ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਹਾਲਾਂਕਿ ਉਕਤ ਲੋਕ ਏਟੀਐੱਮ ਦਾ ਇਕ ਸੀਸੀਟੀਵੀ ਕੈਮਰਾ ਵੀ ਨਾਲ ਲੈ ਗਏ। ਜਦੋਂ ਇਸ ਬਾਰੇ ਬੈਂਕ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਮੌਕੇ ’ਤੇ ਬੈਂਕ ਪਹੁੰਚ ਗਏ। ਜਦੋਂਕਿ ਸੂਚਨਾ ਮਿਲਣ ’ਤੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ, ਖਡੂਰ ਸਾਹਿਬ ਚੌਂਕੀ ਦੇ ਇੰਚਾਰਜ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਕਰਮਚਾਰੀ ਵੀ ਮੌਕੇ ’ਤੇ ਪੁੱਜ ਗਏ। ਬੈਂਕ ਅਧਿਕਾਰੀਆਂ ਦੀ ਜਾਣਕਾਰੀ ਅਨੁਸਾਰ ਏਟੀਐੱਮ ਵਿਚ 3 ਤੋਂ 4 ਲੱਖ ਰੁਪਏ ਮੌਜੂਦ ਸਨ। ਇੱਥੇ ਦੱਸਣਾ ਬਣਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਨਫਰੀ ਘੱਟ ਹੋਣ ਕਾਰਨ ਜਿਥੇ ਪੰਜਾਬ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿਚ ਮੁਲਾਜ਼ਮਾਂ ਦੀ ਘਾਟ ਹੈ। ਉਥੇ ਪੁਲਿਸ ਚੌਂਕੀ ਖਡੂਰ ਸਾਹਿਬ ਵਿਚ ਵੀ ਤਕਰੀਬਨ 6-7 ਮੁਲਾਜ਼ਮ ਹੋਣ ਕਾਰਨ ਉਹ ਹਰ ਜਗ੍ਹਾ ਨੂੰ ਕਵਰ ਕਰਨ ਤੋਂ ਅਸਮਰੱਥ ਹਨ।