ਜਨਗਣਨਾ-2027 ਤਹਿਤ ਫੇਜ਼-2 ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਟ੍ਰੇਨਿੰਗ ਸ਼ੁਰੂ ਜਨਗਣਨਾ-2027 ਤਹਿਤ ਫੇਜ਼-2 ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਟਰੇਨਿੰਗ ਸ਼ੁਰੂ
Publish Date: Thu, 17 Sep 2026 06:08 PM (IST)
Updated Date: Thu, 17 Sep 2026 06:11 PM (IST)
ਏਡੀਸੀ ਡਾ. ਆਦਿੱਤਿਆ ਸ਼ਰਮਾ ਨੇ ਕੀਤਾ ਰਸਮੀ ਉਦਘਾਟਨ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜਨਗਣਨਾ-2027 ਤਹਿਤ ਦੂਸਰੇ ਫੇਜ਼ ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਦੋ ਰੋਜ਼ਾ ਟਰੇਨਿੰਗ ਦਾ ਰਸਮੀ ਉਦਘਾਟਨ ਵੀਰਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਸ਼ਰਮਾ ਵੱਲੋਂ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ ਅਤੇ ਨਗਰ ਪਾਲਿਕਾਵਾਂ ਦੇ ਕਾਰਜ ਸਾਧਕ ਅਫ਼ਸਰਾਂ ਅਤੇ ਉਨ੍ਹਾਂ ਦੇ ਤਕਨੀਕੀ ਸਹਾਇਕਾਂ ਸਮੇਤ ਜਨਗਣਨਾ ਮੁਲਾਜ਼ਮਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਸਬੰਧਤ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਜਨਗਣਨਾ ਵਿਭਾਗ, ਪੰਜਾਬ ਵੱਲੋਂ ਤਾਇਨਾਤ ਜ਼ਿਲ੍ਹਾ ਕੋਆਰਡੀਨੇਟਰ ਹਿਤਾਂਸ਼ੂ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਤਰਨਤਾਰਨ ਡਾ. ਅਮਨਦੀਪ ਸਿੰਘ ਸੈਣੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿਚ ਜਨਗਨਣਾ ਦਾ ਦੂਜਾ ਫੇਜ਼ ਇਕ ਦਸੰਬਰ 2026 ਤੋਂ 4 ਜਨਵਰੀ 2027 ਤਕ ਚੱਲੇਗਾ ਅਤੇ ਰਵੀਜ਼ਨ ਫੇਜ਼ 5 ਜਨਵਰੀ ਤੋਂ 9 ਜਨਵਰੀ 2027 ਨੂੰ ਖ਼ਤਮ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕ ਦਸਬੰਰ ਤੋਂ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਗੇ, ਜਿਸ ਵਿਚ ਲਗਭਗ 40 ਸਵਾਲ ਪੁੱਛੇ ਜਾਣਗੇ ਅਤੇ ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 16 ਨਵੰਬਰ ਤੋਂ 30 ਨਵੰਬਰ 2026 ਤਕ ਸੈਲਫ ਇਨੂਮੀਰੇਸ਼ਨ ਲਈ ਪੋਰਟਲ ਸਮੂਹ ਨਾਗਰਿਕਾਂ ਲਈ ਖੁੱਲ੍ਹਾ ਰਹੇਗਾ, ਜਿਸ ਤਹਿਤ ਕੋਈ ਵੀ ਨਾਗਰਿਕ ਆਪਣੀ ਜਨਗਨਣਾ ਆਪ ਕਰ ਸਕੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜਨਗਣਨਾ ਤਹਿਤ ਨਾਗਰਿਕਾਂ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਗੁਪਤ ਰੱਖੀ ਜਾਵੇਗੀ। ਇਸ ਲਈ ਸਹੀ ਅੰਕੜੇ ਹੀ ਗਿਣਤੀਕਾਰਾਂ ਨੂੰ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਗਿਣਤੀਕਾਰਾਂ ਨੂੰ ਸਰਕਾਰ ਵੱਲੋਂ ਆਈਡੀ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ’ਤੇ ਕਿਊਆਰ ਕੋਡ ਦਰਜ ਹੋਵੇਗਾ, ਜਿਸ ਤੋਂ ਕਿਸੇ ਵੀ ਨਾਗਰਿਕ ਨੂੰ ਗਿਣਤੀਕਾਰ ਦੀ ਪੂਰੀ ਡਿਟੇਲ ਮੁਹੱਈਆ ਹੋ ਸਕੇਗੀ।