ਚੇਅਰਮੈਨ ਸੋਹਲ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਕੀਤੀ ਸ਼ੁਰੂਆਤ ਚੇਅਰਮੈਨ ਅੰਗਦਦੀਪ ਸਿੰਘ ਸੋਹਲ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਕੀਤੀ ਸ਼ੁਰੂਆਤ
Publish Date: Thu, 17 Sep 2026 05:35 PM (IST)
Updated Date: Thu, 17 Sep 2026 05:38 PM (IST)
ਜ਼ਿਲ੍ਹੇ ’ਚ 2 ਅਕਤੂਬਰ ਤਕ ਕੀਤੀਆਂ ਜਾਣਗੀਆਂ ਵਿਸ਼ੇਸ਼ ਗਤੀਵਿਧੀਆਂ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਦੇ ਚੇਅਰਮੈਨ ਅੰਗਦਦੀਪ ਸਿੰਘ ਸੋਹਲ ਵੱਲੋਂ ਵੀਰਵਾਰ ਨੂੰ ਜ਼ਿਲ੍ਹੇ ਵਿਚ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ, ਸਕੂਲਾਂ, ਹੈਲਥ ਸੈਟਰਾਂ, ਨਗਰ ਪੰਚਾਇਤਾਂ, ਪੰਚਾਇਤ ਭਵਨਾਂ, ਜਨਤਕ ਪਖ਼ਾਨਿਆਂ, ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟਾਂ, ਗੋਬਰ ਧਨ ਪਲਾਟਾਂ, ਸੀਟੀਯੂ/ਬਲੈਕ ਸਪੋਟ ਗੰਦਗੀ ਵਾਲੀਆਂ ਥਾਵਾਂ ਵਿਖੇ ਸਮਾਜ ਸੇਵੀ ਸੰਸਥਾਵਾਂ/ਐੱਨਜੀਓਜ਼/ਵਲੰਟੀਅਰਜ਼/ਡੀ-ਸਲੱਜ ਓਪਰੇਟਰਾਂ, ਸੈਲਫ ਹੈਲਪ ਗਰੁੱਪਾਂ, ਸਫ਼ਾਈ ਸੇਵਕਾਂ, ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਫ਼-ਸਫ਼ਾਈ ਅਤੇ ਜਾਗਰੂਕਤਾਂ ਗਤੀਵਿਧੀਆ ਕੀਤੀਆ ਜਾਣਗੀਆਂ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਹਰ ਸਾਲ ‘ਸਵੱਛਤਾ ਹੀ ਸੇਵਾ’ ਪੰਦਰਵਾੜਾ ਇਕ ਵੱਖਰੇ ਥੀਮ ਤਹਿਤ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ‘ਸਵੱਛਤਾ ਹੀ ਸੇਵਾ ਮੁਹਿੰਮ 2026’ ਦਾ ਇਸ ਸਾਲ ਦਾ ਥੀਮ ‘ਸਵੱਛਤਾ ਵਿਚ ਸਹਿਭਾਗ ਸਵੱਛ ਭਾਰਤ ਵਿਕਸਿਤ ਭਾਰਤ’ ਹੈ। ਉਨ੍ਹਾਂ ਦੱਸਿਆ ਕਿ ‘ਸਵੱਛਤਾ ਹੀ ਸੇਵਾ ਮੁਹਿੰਮ 2026’ ਗਤੀਵਿਧੀਆ ਦੇ ਮੁੱਖ ਪੰਜ ਥੀਮ ਹਨ, ਜਿਨ੍ਹਾਂ ਵਿਚ ਬਲੈਕ ਸਪੋਟ ਗੰਦਗੀ ਵਾਲੀਆਂ ਥਾਵਾਂ ਦੀ ਸਫ਼ਾਈ, ਸਵੱਛ ਪਾਠਸ਼ਾਲਾ-ਯੁਵਾ ਫਾਰ ਸਵੱਛਤਾ, ਸਫ਼ਾਈ ਮਿੱਤਰਾ ਸੁਰੱਖਿਆ ਅਤੇ ਸਨਮਾਨ ਸ਼ਿਵਰ, ਜਨ ਭਾਗੀਦਾਰੀ ਫਾਰ ਸਵੱਛਤਾ ਅਤੇ ਸਵੱਛਤਾ ਤੋਂ ਸਮਰਿਧੀ ਜਨ ਜਾਗਰੂਕਤਾ ਪ੍ਰੋਗਰਾਮ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ‘ਸਵੱਛਤਾ ਵਿਚ ਸਹਿਭਾਗ ਸਵੱਛ ਭਾਰਤ ਵਿਕਸਿਤ ਭਾਰਤ’ ਪਲੇਅ ਕਾਰਡ ਵੀ ਲਾਂਚ ਕੀਤਾ ਅਤੇ ਇਹ ਪ੍ਰਣ ਲਿਆ ਗਿਆ ਕਿ ਸਭ ਤੋਂ ਪਹਿਲਾਂ ਸਫ਼ਾਈ ਦੀ ਮੁਹਿੰਮ ਆਪਣੇ ਘਰ ਤੋਂ, ਪਰਿਵਾਰ ਤੋਂ, ਇਲਾਕੇ ਤੋਂ, ਪਿੰਡ ਤੋਂ ਅਤੇ ਕੰਮ ਦੇ ਸਥਾਨ ਤੋਂ ਸ਼ੁਰੂ ਕਰਨਗੇ ਅਤੇ ਸਾਡਾ ਸਫ਼ਾਈ ਵੱਲ ਚੁੱਕਿਆ ਗਿਆ ਕਦਮ ਭਾਰਤ ਨੂੰ ਸਾਫ਼-ਸੁਥਰਾ ਬਣਾਉਣ ਵਿਚ ਸਹਾਇਕ ਹੋਵੇਗਾ। ਚੇਅਰਮੈਨ ਸੋਹਲ ਨੇ ਸਮੂਹ ਵਿਭਾਗਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ 17 ਸਤੰਬਰ ਤੋਂ 2 ਅਕਤੂਬਰ ਤਕ ਮੁਹਿੰਮ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਪਛਾਣ ਕੀਤੇ ਗਏ ਸੀਟੀਯੂ/ਬਲੈਕ ਸਪੋਟ ਗੰਦਗੀ ਵਾਲੀਆਂ ਥਾਵਾਂ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ, ਉਪ ਮੰਡਲ ਇੰਜੀਨੀਅਰ, ਪੰਚਾਇਤੀ ਰਾਜ ਅਤੇ ਉਪ ਮੰਡਲ ਇੰਜੀਨੀਅਰਜ਼, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨਤਾਰਨ ਦੀ ਅਗਵਾਈ ਹੇਠ ਸਮੂਹ ਜੂਨੀਅਰ ਇੰਜੀਨੀਅਰਜ਼, ਪੰਚਾਇਤੀ ਰਾਜ/ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਬਲਾਕ ਕੋਆਰਡੀਨੇਟਰਜ਼ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸਰੰਪਚਾਂ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਅੱਜ ਤੋਂ ਸਾਫ਼ ਕਰਵਾਉਣਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ 8-10 ਦਿਨਾਂ ਤਕ ਇਨ੍ਹਾਂ ਗੰਦਗੀ ਵਾਲੀਆਂ ਥਾਵਾਂ ਨੂੰ ਸਾਫ਼-ਸਫ਼ਾਈ ਕਰਕੇ ਇਨ੍ਹਾਂ ਦਾ ਸੁੰਦਰੀਕਰਨ ਕੀਤਾ ਜਾਵੇ। ਉਨ੍ਹਾਂ ਵੱਲੋ ਦੱਸਿਆ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਸਵੱਛ ਭਾਰਤ ਦਿਵਸ ਮਨਾਇਆ ਜਾਵੇਗਾ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਮੌਕੇ ਮਨਜਿੰਦਰ ਸਿੰਘ ਸੁਪਰਡੈਂਟ ਜ਼ਿਲ੍ਹਾ ਪ੍ਰੀਸ਼ਦ, ਹਰਨੀਤ ਸਿੰਘ ਜ਼ਿਲ੍ਹਾ ਪ੍ਰੋਜੈਕਟ ਮੈਨੇਜਰ, ਜਗਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਲਵਪ੍ਰੀਤ ਸਿੰਘ ਜੂਨੀਅਰ ਇੰਜੀਨੀਅਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।