ਫਤਿਆਬਾਦ-ਗੋਇੰਦਵਾਲ ਸਾਹਿਬ ਮਾਰਗ ’ਤੇ ਬਣਿਆ ਹਾਦਸਿਆਂ ਦਾ ‘ਬਲੈਕ ਸਪਾਟ’ ਫਤਿਆਬਾਦ-ਗੋਇੰਦਵਾਲ ਸਾਹਿਬ ਮਾਰਗ ’ਤੇ ਬਣਿਆ ਹਾਦਸਿਆਂ ਦਾ ‘ਬਲੈਕ ਸਪਾਟ’
Publish Date: Wed, 16 Sep 2026 07:40 PM (IST)
Updated Date: Wed, 16 Sep 2026 07:41 PM (IST)
ਛੱਪੜ ਦੇ ਓਅਰਫਲੋਅ ਪਾਣੀ ਕਾਰਨ ਆਏ ਦਿਨ ਵਾਪਰ ਰਹੇ ਹਨ ਭਿਆਨਕ ਹਾਦਸੇ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਕਪੂਰਥਲਾ-ਅਟਾਰੀ ਰਾਜ ਮਾਰਗ ’ਤੇ ਪੈਂਦੇ ਕਸਬਾ ਫਤਿਆਬਾਦ ਤੋਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੀ ਸੜਕ ’ਤੇ ਫਤਿਆਬਾਦ ਦੇ ਬਾਹਰਵਾਰ ਛੱਪੜ ਦਾ ਓਵਰਫਲੋਅ ਪਾਣੀ ਰਾਹਗੀਰਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਪਾਣੀ ਦੀ ਮਾਰ ਕਾਰਨ ਬਣੇ ਟੋਇਆਂ ਤੇ ਖਸਤਾਹਾਲ ਸੜਕ ’ਤੇ ਪਾਣੀ ਖੜ੍ਹਾ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਆਵਾਜਾਈ ਦੌਰਾਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਇਹ ਖੇਤਰ ਹਾਦਸਿਆਂ ਦਾ ‘ਬਲੈਕ ਸਪਾਟ’ ਬਣਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ, ਕਿਉਂਕਿ ਕੁਝ ਦਿਨਾਂ ਤਕ ਸ੍ਰੀ ਗੋਇੰਦਵਾਲ ਸਾਹਿਬ ਦਾ ਪ੍ਰਸਿੱਧ ਮੇਲਾ ਮਨਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਭੁਪਿੰਦਰ ਸਿੰਘ ਟੀਟੂ, ਹਰਪ੍ਰੀਤ ਸਿੰਘ ਜਿੰਮੀ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਨੇ ਦੱਸਿਆ ਕਿ ਛੱਪੜ ਦੇ ਓਅਰਫਲੋਅ ਪਾਣੀ ਦੇ ਸੜਕ ’ਤੇ ਭਰ ਜਾਣ ਕਾਰਨ ਟੋਏ ਦਿਖਾਈ ਨਹੀਂ ਦਿੰਦੇ ਅਤੇ ਦੋਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇੰਨਾ ਹੀ ਨਹੀਂ, ਟੋਇਆਂ ਤੋਂ ਵਾਹਨਾਂ ਨੂੰ ਬਚਾਅ ਕੇ ਕੱਢਣ ਦੇ ਚੱਕਰ ਵਿਚ ਵੀ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਤੜਕਸਾਰ ਤੇ ਸ਼ਾਮ ਨੂੰ ਰਹਿਰਾਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਦੀਆਂ ਹਨ, ਜਿਨ੍ਹਾਂ ਨੂੰ ਖਰਾਬ ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਰਕੇ ਪਾਣੀ ਲੰਮੇ ਸਮੇਂ ਤੱਕ ਸੜਕ ’ਤੇ ਖੜ੍ਹਾ ਰਹਿੰਦਾ ਹੈ। ਰਾਤ ਸਮੇਂ ਸਥਿਤੀ ਹੋਰ ਵੀ ਚਿੰਤਾਜਨਕ ਬਣ ਜਾਂਦੀ ਹੈ, ਕਿਉਂਕਿ ਪਾਣੀ ਨਾਲ ਭਰੇ ਟੋਏ ਅਤੇ ਸੜਕ ਦੇ ਟੁੱਟੇ ਹਿੱਸੇ ਵਾਹਨ ਚਾਲਕਾਂ ਨੂੰ ਸਾਫ਼ ਨਜ਼ਰ ਨਹੀਂ ਆਉਂਦੇ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ’ਤੇ ਵਾਪਰੇ ਸੜਕ ਹਾਦਸਿਆਂ ਕਾਰਨ ਅਨੇਕਾਂ ਰਾਹਗੀਰ ਗੰਭੀਰ ਸੱਟਾਂ ਲਵਾ ਚੁਕੇ ਹਨ ਅਤੇ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ। ਪਰ ਫਿਰ ਵੀ ਪ੍ਰਸ਼ਾਸਨ ਦਾ ਧਿਆਨ ਇਸ ਸਮੱਸਿਆ ਵੱਲ ਨਹੀਂ ਪੈ ਰਿਹਾ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਦਾ ਜੋੜ ਮੇਲਾ ਨੇੜੇ ਹੋਣ ਕਾਰਨ ਸੜਕ ਦੀ ਮੁਰੰਮਤ, ਪਾਣੀ ਦੀ ਨਿਕਾਸੀ ਤੇ ਆਵਾਜਾਈ ਸਬੰਧੀ ਪ੍ਰਬੰਧ ਤੁਰੰਤ ਕੀਤੇ ਜਾਣੇ ਜ਼ਰੂਰੀ ਹਨ ਤਾਂ ਜੋ ਮੇਲੇ ਦੌਰਾਨ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੇਲੇ ਤੋਂ ਪਹਿਲਾਂ ਸੜਕ ਦੀ ਤਰਸਯੋਗ ਹਾਲਤ ਬਣੀ ਚਿੰਤਾ ਦਾ ਵਿਸ਼ਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੁਝ ਹੀ ਦਿਨਾਂ ਬਾਅਦ ਸਲਾਨਾ ਜੋੜ ਮੇਲਾ ‘ਜਗ’ ਮਨਾਇਆ ਜਾਣਾ ਹੈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਣ ਦੀ ਉਮੀਦ ਹੈ। ਅਜਿਹੇ ਵਿਚ ਫਤਿਆਬਾਦ-ਗੋਇੰਦਵਾਲ ਸਾਹਿਬ ਸੜਕ ’ਤੇ ਬਣੀ ਮੌਜੂਦਾ ਸਥਿਤੀ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੇਲੇ ਦੌਰਾਨ ਇਸ ਸੜਕ ’ਤੇ ਆਵਾਜਾਈ ਦਾ ਦਬਾਅ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਜਾਂਦਾ ਹੈ। ਜੇਕਰ ਇਸ ਤੋਂ ਪਹਿਲਾਂ ਛੱਪੜ ਦੇ ਪਾਣੀ ਦੀ ਨਿਕਾਸੀ ਅਤੇ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਸੰਗਤਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬਾ ਪੱਧਰੀ ਸਮਾਗਮ ਵੀ ਨਾ ਬਦਲ ਸਕਿਆ ਰਸਤੇ ਦੀ ਤਸਵੀਰ ਹੈਰਾਨੀ ਦੀ ਗੱਲ ਇਹ ਹੈ ਕਿ ਬੀਤੇ ਦਿਨੀਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਸਰਕਾਰੀ ਅਧਿਕਾਰੀ ਤੇ ਸਿਆਸੀ ਆਗੂ ਇਲਾਕੇ ਵਿਚ ਪਹੁੰਚੇ, ਪਰ ਇਸ ਦੇ ਬਾਵਜੂਦ ਛੱਪੜ ਤੇ ਸੜਕ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਅਟਾਰੀ-ਕਪੂਰਥਲਾ ਰਾਜਮਾਰਗ ਰਾਹੀਂ ਰੋਜ਼ਾਨਾ ਸਰਕਾਰੀ ਅਧਿਕਾਰੀ, ਰਾਜਨੀਤਕ ਆਗੂ ਅਤੇ ਹੋਰ ਅਹਿਮ ਵਿਅਕਤੀ ਆਉਂਦੇ-ਜਾਂਦੇ ਹਨ। ਇਸ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਅਤੇ ਛੱਪੜ ਦੇ ਓਵਰਫਲੋਅ ਪਾਣੀ ਵੱਲ ਧਿਆਨ ਨਾ ਦਿੱਤੇ ਜਾਣ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।