ਸ਼ੇਰੋਂ ਖੰਡ ਮਿੱਲ ਮੋਰਚੇ ਦੇ 119ਵੇਂ ਦਿਨ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਗਟਾਇਆ ਰੋਸ ਸ਼ੇਰੋਂ ਖੰਡ ਮਿੱਲ ਮੋਰਚੇ ਦੇ 119ਵੇਂ ਦਿਨ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਰੋਹ ਦਾ ਪ੍ਰਗਟਾਵਾ
Publish Date: Wed, 16 Sep 2026 06:03 PM (IST)
Updated Date: Wed, 16 Sep 2026 06:05 PM (IST)
ਬਿਜਲੀ ਕੱਟਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਐੱਸਕੇਐੱਮ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਦੀ ਮਾਨ ਸਰਕਾਰ ਵੱਲੋਂ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 21 ਮਈ ਤੋਂ ਲਗਾਏ ਗਏ ਪੱਕੇ ਮੋਰਚੇ ਦੇ 119ਵੇਂ ਦਿਨ ਬੁੱਧਵਾਰ ਨੂੰ ਕਿਸਾਨ ਆਗੂਆਂ ਨੇ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂ, ਤਰਸੇਮ ਸਿੰਘ ਲੁਹਾਰ, ਡਾਕਟਰ ਇੰਦਰਜੀਤ ਸਿੰਘ ਮਰਹਾਣਾ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਨੇ ਕਿਹਾ ਕਿ ਸੂਬਾ ਸਰਕਾਰ 2022 ਤੋਂ ਬਾਅਦ 2027 ਵਿਚ ਫਿਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੜ ਤੋਂ ਰਾਜ ਭਾਗ ਬਰਕਰਾਰ ਰੱਖਣ ਲਈ ਪੰਜਾਬ ਨੂੰ ਕਰਜ਼ੇ ਦੇ ਮੱਕੜ ਜਾਲ ਵਿਚ ਫਸਾਉਂਦੀ ਜਾ ਰਹੀ ਹੈ। ਜਦਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਪਹਿਲਾਂ ਹੀ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਗਲਤ ਨੀਤੀਆਂ ਲਾਗੂ ਕਰ ਕੇ ਬਲਦੀ ਦੇ ਬੁੱਥੇ ਦੇ ਦਿੱਤਾ ਹੈ। ਇਸ ਵਜ੍ਹਾ ਕਾਰਨ ਪੜ੍ਹੀ-ਲਿਖੀ ਜਵਾਨੀ ਨੂੰ ਵਿਦੇਸ਼ਾਂ ਵਿਚ ਹਿਜ਼ਰਤ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ ਅਤੇ ਘੱਟ ਪੜ੍ਹੀ ਜਾਂ ਅਨਪੜ੍ਹ ਜਵਾਨੀ ਨਸ਼ਿਆਂ ਦੀ ਘੁੰਮਣ ਘੇਰੀ ਵਿਚ ਫਸ ਕੇ ਬਰਬਾਦੀ ਦੇ ਕੰਢੇ ਖੜ੍ਹੀ ਹੈ। ਇਸ ਦੇ ਬਾਵਜੂਦ ਮਾਨ ਸਰਕਾਰ ਕੰਧ ’ਤੇ ਲਿਖਿਆ ਪੜ੍ਹਨ ਦੀ ਜਗ੍ਹਾ ਝੂਠ ਦੇ ਮਹਿਲ ਉਸਾਰ ਕੇ ਪੰਜਾਬ ਦੇ ਅਸਲ ਮੁੱਦਿਆਂ ’ਤੇ ਮਿੱਟੀ ਪਾ ਕੇ ਸਰਕਾਰੀ ਜਾਂ ਸਹਿਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚ ਕੇ ਪੰਜਾਬ ਨੂੰ ਕੰਗਾਲ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਮਹਿੰਦਰ ਸਿੰਘ ਵੇਈਂਪੂੰਈ, ਮੁਖਤਾਰ ਸਿੰਘ ਮੱਲਾ, ਸੁਖਦੇਵ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਮੇਘ ਸਿੰਘ ਬਸੰਬਰਪੁਰ, ਵੀਰ ਸਿੰਘ ਮਾਣੋਚਾਹਲ, ਬਲਦੇਵ ਸਿੰਘ ਪੰਡੋਰੀ, ਨਿਰਮਲ ਸਿੰਘ ਉਸਮਾਂ, ਗੁਰਵਿੰਦਰ ਸਿੰਘ ਠੱਠੀਆਂ ਮਹੰਤਾਂ, ਬਲਵਿੰਦਰ ਸਿੰਘ ਮੁੰਡਾਪਿੰਡ, ਜਸਬੀਰ ਸਿੰਘ ਨਿੱਝਰ, ਮਨਜੀਤ ਸਿੰਘ ਬੱਗੂ, ਮਹੀਂਪਾਲ ਸਿੰਘ ਠੱਠੀਆਂ ਮਹੰਤਾਂ, ਸੁਖਜੀਤ ਸਿੰਘ ਬਿੱਲਾ ਲੁਹਾਰ ਆਦਿ ਨੇ ਮਾਨ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਤੁਰੰਤ ਖੰਡ ਮਿੱਲ ਚਾਲੂ ਕੀਤੀ ਜਾਵੇ।