- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਸਰੀ ਵਾਰ ਅਕਾਲੀ ਦਲ ਤੋਂ ਬਾਹਰ ਹੋਏ ਰਵਿੰਦਰ ਸਿੰਘ ਬ੍ਰਹਮਪੁਰਾ

ਹਲਕੇ ਦੀ ਵਾਗਡੋਰ ਬਦਲਣ ਤੋਂ ਬਾਅਦ ਬ੍ਰਹਮਪੁਰਾ ਦੇ ਬਦਲੇ ਸਨ ਤੇਵਰ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਮਾਝੇ ਦੇ ਜਰਨੈਲ ਵਜੋਂ ਅਕਾਲੀ ਸਿਆਸਤ ਵਿਚ ਵੱਡਾ ਚਿਹਰਾ ਰਹੇ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਆਸੀ ਵਿਰਾਸਤ ਸੰਭਾਲ ਰਹੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਮੰਗਲਵਾਰ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਕੇ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ। ਰਵਿੰਦਰ ਸਿੰਘ ਬ੍ਰਹਮਪੁਰਾ ਪਹਿਲਾਂ 2017 ਦੀਆਂ ਚੋਣਾਂ ਤੋਂ ਬਾਅਦ ਉਸ ਵੇਲੇ ਵੀ ਪਾਰਟੀ ’ਚੋਂ ਬਾਹਰ ਹੋਏ ਸਨ, ਜਦੋਂ ਪਾਰਟੀ ਵਿਰੋਧੀ ਸਰਗਰਮੀਆਂ ਦੇ ਚੱਲਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਸੀ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬ੍ਰਹਮਪੁਰਾ ਪਰਿਵਾਰ ਦੀ ਅਕਾਲੀ ਦਲ ਵਿਚ ਵਾਪਸੀ ਹੋਈ ਤੇ ਖਡੂਰ ਸਾਹਿਬ ਹਲਕੇ ਤੋਂ ਜਥੇਦਾਰ ਬ੍ਰਹਮਪੁਰਾ ਮੁੜ ਉਮੀਦਵਾਰ ਬਣ ਗਏ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਮਾ ਸਮਾਂ ਖਡੂਰ ਸਾਹਿਬ ਹਲਕੇ ਦੀ ਕਮਾਂਡ ਬ੍ਰਹਮਪੁਰਾ ਪਰਿਵਾਰ ਕੋਲ ਰਹੀ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਬੇਸ਼ੱਕ ਇਸ ਹਲਕੇ ਤੋਂ ਲੜੀਆਂ ਦੋ ਚੋਣਾਂ 2012 ਤੇ 2017 ਕ੍ਰਮਵਾਰ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਕੋਲੋਂ ਹਾਰ ਗਏ ਸਨ। ਪਰ 2016 ਵਿਚ ਰਮਨਜੀਤ ਸਿੰਘ ਸਿੱਕੀ ਵੱਲੋਂ ਬੇਅਦਬੀਆਂ ਦੇ ਵਿਰੋਧ ਵਿਚ ਦਿੱਤੇ ਅਸਤੀਫੇ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਇਸ ਹਲਕੇ ਵਿਚ ਹੋਈ ਜ਼ਿਮਨੀ ਚੋਣ ਜਿੱਤ ਕੇ ਅਕਾਲੀ ਦਲ ਦੀ ਸਰਕਾਰ ’ਚ ਇਕ ਸਾਲ ਲਈ ਵਿਧਾਇਕ ਬਣਦਿਆਂ ਖਡੂਰ ਸਾਹਿਬ ਦੀ ਨੁਮਾਇੰਦਗੀ ਹਾਸਲ ਕਰਨ ਵਿਚ ਕਾਮਯਾਬ ਹੋ ਗਏ।
ਹਾਲਾਂਕਿ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਦੀ ਅਗਵਾਈ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਜਿਸ ਕਰ ਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਅਤੇ ਨਾਲ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਨਾਲ ਜੁੜੀ ਟੀਮ ਵੀ ਪਾਰਟੀ ਤੋਂ ਦੂਰ ਹੋ ਗਈ। 2022 ਦੀਆਂ ਚੋਣਾਂ ਵਿਚ ਅਕਾਲੀ ਦਲ ਜਦੋਂ ਚੋਣ ਮੈਦਾਨ ਵਿਚ ਡਟਿਆ ਤਾਂ ਬ੍ਰਹਮਪੁਰਾ ਪਰਿਵਾਰ ਨੂੰ ਵਾਪਸ ਲੈ ਕੇ ਖਡੂਰ ਸਾਹਿਬ ਹਲਕੇ ਤੋਂ ਮੁੜ ਟਿਕਟ ਦੇ ਦਿੱਤੀ ਪਰ ਇਹ ਚੋਣ ਵੀ ਬ੍ਰਹਮਪੁਰਾ ਪਰਿਵਾਰ ਹਾਰ ਗਿਆ।
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਦੇਹਾਂਤ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਲਕੇ ’ਤੇ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਪਾਰਟੀ ਸਰਗਰਮੀਆਂ ਨੂੰ ਵੱਡੇ ਪੱਧਰ ’ਤੇ ਤੇਜ਼ ਕਰ ਦਿੱਤਾ। ਪਰ ਕੁਝ ਮਹੀਨੇ ਪਹਿਲਾਂ ਹਲਕੇ ਵਿਚ ਹੋਏ ਸਿਆਸੀ ਬਦਲਾਅ ਨੇ ਉਨ੍ਹਾਂ ਅੰਦਰ ‘ਮੁਖਾਲਫਤ’ ਨੂੰ ਜਨਮ ਦੇ ਦਿੱਤਾ। ਬੇਸ਼ੱਕ ਉਹ ਪਾਰਟੀ ਪ੍ਰਧਾਨ ਦਾ ਨਾਂ ਲੈ ਕੇ ਸਿੱਧਾ ਵਿਰੋਧ ਨਹੀਂ ਸੀ ਕਰ ਰਹੇ, ਪਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਖਤ ਟਿੱਪਣੀਆਂ ਨਾਲ ਪਾਰਟੀ ਦੀ ਲੀਡਰਸ਼ਿਪ ਨੂੰ ਘੇਰਨ ’ਚ ਉਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਜਦੋਂ 13 ਸਤੰਬਰ ਨੂੰ ਖਡੂਰ ਸਾਹਿਬ ਹਲਕੇ ਦੇ ਕਸਬਾ ਗੋਇੰਦਵਾਲ ਸਾਹਿਬ ’ਚ ਕੀਤੀ ਗਈ ‘ਪੰਜਾਬ ਬਚਾਓ ਰੈਲੀ’ ਸਬੰਧੀ ਵੀ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਚਰਚਾ ਵਿਚ ਆਈ ਸੀ ਜਿਸ ਦੇ ਦੋ ਦਿਨਾਂ ਬਾਅਦ ਮੰਗਲਵਾਰ ਨੂੰ ਅਕਾਲੀ ਦਲ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ।
ਜੜ੍ਹਾਂ ਨੂੰ ਵੱਢ ਕੇ ਪੱਤਿਆਂ ਨੂੰ ਸਿੰਜਣ ਦੀ ਨੀਤੀ ਸਿਆਸੀ ਅੰਨ੍ਹੇਪਣ ਦੀ ਨਿਸ਼ਾਨੀ : ਬ੍ਰਹਮਪੁਰਾ
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਿਆਸੀ ਵਿਗਿਆਨ ਤੇ ਇਤਿਹਾਸ ਦਾ ਇਹ ਸਦੀਵੀ ਨੇਮ ਹੈ ਕਿ ਵੱਡੀਆਂ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਨੂੰ ਕਦੇ ਵੀ ਉਨ੍ਹਾਂ ਦੇ ਵਿਰੋਧੀ ਖ਼ਤਮ ਨਹੀਂ ਕਰਦੇ, ਬਲਕਿ ਉਨ੍ਹਾਂ ਦੀ ਆਪਣੀ ਲੀਡਰਸ਼ਿਪ ਦਾ ਅੰਦਰੂਨੀ ਖੋਖਲਾਪਣ, ਦੂਰਅੰਦੇਸ਼ੀ ਦੀ ਘਾਟ ਅਤੇ ਨੈਤਿਕ ਦੀਵਾਲੀਆਪਨ ਉਨ੍ਹਾਂ ਨੂੰ ਤਬਾਹੀ ਵੱਲ ਲੈ ਜਾਂਦਾ ਹੈ। ਮੈਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਜਾਰੀ ਕੀਤਾ ਗਿਆ ਫ਼ਰਮਾਨ ਮੇਰੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੈ, ਸਗੋਂ ਇਹ ਮੌਜੂਦਾ ਅਗਵਾਈ ਵੱਲੋਂ ਕਥਿਤ ਅਪਰਾਧਿਕ ਲੋਕਾਂ ਅੱਗੇ ਕੀਤੇ ਗਏ ‘ਸਿਧਾਂਤਕ ਆਤਮ-ਸਮਰਪਣ’ ਦਾ ਅਧਿਕਾਰਤ ਐਲਾਨਨਾਮਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਹੁਕਮਰਾਨ ਆਪਣੇ ਸਿਧਾਂਤਕ ਥੰਮ੍ਹਾਂ ਨੂੰ ਸੁੱਟ ਕੇ ਦਾਗ਼ੀਆਂ ਨੂੰ ਆਪਣੀ ਢਾਲ ਬਣਾਉਣ ਲੱਗ ਪਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਸੱਤਾ ਦਾ ਅੰਤ ਨਿਸ਼ਚਿਤ ਹੋ ਚੁੱਕਾ ਹੈ। ਮੇਰੇ ਖ਼ਿਲਾਫ਼ ਵਰਤਿਆ ਗਿਆ ‘ਅਨੁਸ਼ਾਸਨ’ ਦਾ ਹਥਿਆਰ ਅਸਲ ਵਿਚ ਉਸ ਆਵਾਜ਼ ਨੂੰ ਦਬਾਉਣ ਦੀ ਇਕ ਬੌਧਿਕ ਅਤੇ ਸਿਆਸੀ ਨਾਕਾਮ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਿਸ ਸਿਆਸੀ ਪਾਰਟੀ ਦੀ ਬੁਨਿਆਦ ਸਾਡੇ ਬਜ਼ੁਰਗਾਂ ਨੇ ਦਹਾਕਿਆਂ ਦੇ ਨਿਰਸਵਾਰਥ ਸੰਘਰਸ਼, ਜੇਲ੍ਹਾਂ ਅਤੇ ਪੰਥਕ ਰਵਾਇਤਾਂ ਦੀ ਨੀਂਹ ’ਤੇ ਰੱਖੀ ਸੀ, ਅੱਜ ਉਸ ਦੀ ਮੌਜੂਦਾ ਕਮਾਨ ਨੇ ਆਪਣੇ ਹੀ ਹੱਥੀਂ ਉਸ ਬੁਨਿਆਦ ’ਤੇ ਕੁਹਾੜਾ ਚਲਾ ਦਿੱਤਾ ਹੈ। ਜਿਹੜੇ ਲੋਕ ਜੜ੍ਹਾਂ ਨੂੰ ਵੱਢ ਕੇ ਪੱਤਿਆਂ ਨੂੰ ਹਰਾ ਰੱਖਣ ਦਾ ਭਰਮ ਪਾਲ ਰਹੇ ਹਨ, ਉਹ ਰਾਜਨੀਤੀ ਦੇ ਬੁਨਿਆਦੀ ਅਸੂਲਾਂ ਤੋਂ ਵੀ ਕੋਰੇ ਹਨ। ਮੇਰਾ ਸਿਆਸੀ ਵਜੂਦ ਅਤੇ ਸਿਧਾਂਤ ਕਿਸੇ ਕਾਗਜ਼ੀ ਹੁਕਮ ਜਾਂ ਦਫ਼ਤਰੀ ਸਰਕੁਲਰ ਦੇ ਮੁਹਤਾਜ ਨਹੀਂ ਹਨ। ਮੌਜੂਦਾ ਅਗਵਾਈ ਨੇ ਮੈਨੂੰ ਪਾਰਟੀ ਤੋਂ ਬਾਹਰ ਕਰ ਕੇ ਮੇਰੇ ਹੱਥ ਨਹੀਂ ਬੰਨ੍ਹੇ, ਬਲਕਿ ਮੇਰੀ ਸਿਆਸੀ ਤੇ ਨੈਤਿਕ ਰਣਨੀਤੀ ਨੂੰ ਹੋਰ ਆਜ਼ਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਇਕ ਹੀ ਟਕਸਾਲੀ ਪਰਿਵਾਰ ਬਚਿਆ ਸੀ, ਜਿਸ ਨੂੰ ਵੀ ਬਾਹਰ ਕਰ ਦਿੱਤਾ ਗਿਆ, ਹੁਣ ਪਾਰਟੀ ਦਾ ਹਸ਼ਰ ਕੀ ਹੋਵੇਗਾ, ਇਹ ਸਮਾਂ ਹੀ ਦੱਸੇਗਾ।