ਤਰਨਤਾਰਨ ਦੀਆਂ ਸੜਕਾਂ ਤੋਂ ਪਿੰਡਾਂ ਦੀਆਂ ਗਲੀਆਂ ਤਕ ਆਵਾਰਾ ਕੁੱਤਿਆਂ ਦਾ ਦਬਦਬਾ ਤਰਨਤਾਰਨ ਦੀਆਂ ਸੜਕਾਂ ਤੋਂ ਪਿੰਡਾਂ ਦੀਆਂ ਗਲੀਆਂ ਤਕ ਅਵਾਰਾ ਕੁੱਤਿਆਂ ਦਾ ਦਬਦਬਾ
Publish Date: Tue, 15 Sep 2026 05:31 PM (IST)
Updated Date: Tue, 15 Sep 2026 05:32 PM (IST)
ਝੁੰਡਾਂ ’ਚ ਘੁੰਮਦੇ ਕੁੱਤਿਆਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹਾਦਸਿਆਂ ਦਾ ਵੀ ਬਣਿਆ ਰਹਿੰਦਾ ਹੈ ਖ਼ਦਸ਼ਾ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਪੇਂਡੂ ਖੇਤਰਾਂ ਵਿਚ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਲੋਕਾਂ ਲਈ ਗੰਭੀਰ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਤੋਂ ਇਲਾਵਾ ਪਿੰਡਾਂ ਦੀਆਂ ਫਿਰਨੀਆਂ, ਪਗਡੰਡੀਆਂ ਅਤੇ ਖੇਤਾਂ ਵਾਲੇ ਰਸਤਿਆਂ ’ਤੇ ਵੀ ਕੁੱਤਿਆਂ ਦੇ ਝੁੰਡ ਅਕਸਰ ਨਜ਼ਰ ਆਉਂਦੇ ਹਨ। ਇੰਨਾ ਹੀ ਨਹੀਂ, ਹੁਣ ਮੁੱਖ ਸੜਕਾਂ ’ਤੇ ਆਵਾਰਾ ਕੁੱਤਿਆਂ ਦੀਆਂ ਡਾਰਾਂ ਦਾ ਵਧਣਾ ਹਾਦਸਿਆਂ ਨੂੰ ਸੱਦਾ ਦਿੰਦਾ ਦਿਖਾਈ ਦੇ ਰਿਹਾ ਹੈ। ਸਵੇਰ ਦੇ ਸਮੇਂ ਖੇਤਾਂ ਵੱਲ ਜਾਣ ਵਾਲੇ ਲੋਕਾਂ ਅਤੇ ਕੰਮ-ਕਾਰ ਲਈ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਨੂੰ ਇਨ੍ਹਾਂ ਤੋਂ ਖਤਰਾ ਬਣਿਆ ਰਹਿੰਦਾ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਸ਼ਹਿਰ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਕਈ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਕੁੱਤਿਆਂ ਦੇ ਝੁੰਡ ਆਮ ਦੇਖਣ ਨੂੰ ਮਿਲਦੇ ਹਨ। ਸਵੇਰੇ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਸ਼ਰਧਾਲੂਆਂ ਤੋਂ ਲੈ ਕੇ ਰਾਤ ਸਮੇਂ ਕੰਮ ਤੋਂ ਘਰ ਪਰਤਣ ਵਾਲੇ ਲੋਕਾਂ ਤਕ ਕਈ ਵਰਗਾਂ ਨੂੰ ਇਨ੍ਹਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸੜਕ ਜਾਂ ਗਲੀ ਵਿਚ ਇਕੱਠੇ ਹੋਏ ਕੁੱਤਿਆਂ ਦੇ ਝੁੰਡ ਵਿਚੋਂ ਲੰਘਣਾ ਵੀ ਲੋਕਾਂ ਲਈ ਮੁਸ਼ਕਿਲ ਬਣ ਜਾਂਦਾ ਹੈ। ਇਹ ਸਮੱਸਿਆ ਸ਼ਹਿਰ ਤਕ ਹੀ ਸੀਮਤ ਨਹੀਂ ਬਲਕਿ ਪੇਂਡੂ ਖੇਤਰਾਂ ਵਿਚ ਵੀ ਵਧੇਰੇ ਗੰਭੀਰ ਰੂਪ ਧਾਰਨ ਕਰਦੀ ਦਿਖਾਈ ਦੇ ਰਹੀ ਹੈ। ਤਰਨਤਾਰਨ ਸ਼ਹਿਰ ਦੇ ਨੇੜਲੇ ਪਿੰਡ ਕੱਕਾ ਕੰਡਿਆਲਾ ਬਾਈਪਾਸ ’ਤੇ ਰੋਹੀ ਦੇ ਪੁਲ ਕੋਲ ਆਵਾਰਾ ਕੁੱਤਿਆਂ ਦਾ ਇਕੱਠ ਅਕਸਰ ਰਹਿੰਦਾ ਹੈ। ਕਈ ਵਾਰ ਇਹ ਕੁੱਤੇ ਸੜਕ ਤਕ ਪਹੁੰਚ ਜਾਂਦੇ ਹਨ, ਜਿਸ ਕਾਰਨ ਖਾਸ ਤੌਰ ’ਤੇ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਖੇਤਾਂ ਅਤੇ ਬਹਿਕਾਂ ਦੇ ਆਲੇ-ਦੁਆਲੇ ਵੀ ਕੁੱਤਿਆਂ ਦੇ ਝੁੰਡ ਘੁੰਮਦੇ ਵੇਖੇ ਜਾ ਸਕਦੇ ਹਨ। ਇਸ ਕਾਰਨ ਬਹਿਕਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਇਕੱਲਿਆਂ ਘਰੋਂ ਬਾਹਰ ਜਾਣ ਤੋਂ ਰੋਕਣਾ ਪੈਂਦਾ ਹੈ। ਰਾਤ ਸਮੇਂ ਸਥਿਤੀ ਹੋਰ ਵੀ ਚਿੰਤਾਜਨਕ ਬਣ ਜਾਂਦੀ ਹੈ, ਜਦੋਂ ਸੁੰਨਸਾਨ ਰਸਤਿਆਂ ’ਤੇ ਇਨ੍ਹਾਂ ਕੁੱਤਿਆਂ ਦੇ ਝੁੰਡ ਰਾਹਗੀਰਾਂ ਲਈ ਖਤਰਾ ਬਣ ਸਕਦੇ ਹਨ। ਲੋਕਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ ਦੀ ਲੋੜ : ਖੇੜਾ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ਸਾਥ ਦੇ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਹੁਣ ਆਮ ਸਮੱਸਿਆ ਨਾ ਰਹਿ ਕੇ ਗੰਭੀਰ ਸਮਾਜਿਕ ਚੁਣੌਤੀ ਬਣ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮਸਲੇ ’ਤੇ ਪਹਿਲ ਦੇ ਆਧਾਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਹਮਲਿਆਂ ਤੋਂ ਇਲਾਵਾ ਸੜਕਾਂ ’ਤੇ ਇਨ੍ਹਾਂ ਦੇ ਅਚਾਨਕ ਆ ਜਾਣ ਕਾਰਨ ਹਾਦਸੇ ਵੀ ਵਾਪਰਦੇ ਹਨ, ਜਿਨ੍ਹਾਂ ਵਿਚ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਗੂ ਨਿਯਮਾਂ ਅਨੁਸਾਰ ਕੁੱਤਿਆਂ ਦੀ ਨਫਰੀ ਨੂੰ ਨਿਯੰਤਰਿਤ ਕਰਨ ਲਈ ਢੁਕਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਲਈ ਬਣ ਚੁੱਕੇ ਹਨ ਖਤਰੇ ਦਾ ਕਾਰਨ : ਅਰੋੜਾ ਤਰਨਤਾਰਨ ਦੇ ਸੀਨੀਅਰ ਐਡਵੋਕੇਟ ਰਾਕੇਸ਼ ਰਮਨ ਅਰੋੜਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਕੁਝ ਮਾਮਲਿਆਂ ਵਿਚ ਮਾਸੂਮਾਂ ਦੀ ਜਾਨ ਵੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਗਲੀਆਂ ਵਿਚ ਕੁੱਤਿਆਂ ਦੇ ਵੱਡੇ ਝੁੰਡ ਲੋਕਾਂ ਲਈ ਪਰੇਸ਼ਾਨੀ ਪੈਦਾ ਕਰ ਰਹੇ ਹਨ। ਉਨ੍ਹਾਂ ਅਨੁਸਾਰ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਮਾਸੂਮਾਂ ’ਤੇ ਹਮਲਿਆਂ ਨੇ ਵਧਾਈ ਚਿੰਤਾ : ਡਾ. ਲੌਹੁਕਾ ਤਰਨਤਾਰਨ ਦੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਪਿਛਲੇ ਕੁਝ ਸਮੇਂ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਮਾਸੂਮ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚੇ ਜਾਣ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ। ਡਾ. ਲੌਹੁਕਾ ਅਨੁਸਾਰ ਕੁੱਤਿਆਂ ਦੀ ਵਧ ਰਹੀ ਗਿਣਤੀ ਮਨੁੱਖੀ ਸੁਰੱਖਿਆ ਲਈ ਵੱਡਾ ਖਤਰਾ ਬਣ ਰਹੀ ਹੈ ਅਤੇ ਕਈ ਪਰਿਵਾਰਾਂ ਨੂੰ ਇਸ ਦਾ ਦੁੱਖਦਾਈ ਨੁਕਸਾਨ ਝੱਲਣਾ ਪਿਆ ਹੈ। ਜ਼ਿਲ੍ਹੇ ’ਚ ਵੀ ਕਈ ਘਟਨਾਵਾਂ ਬਣੀਆਂ ਚਿੰਤਾ ਦਾ ਕਾਰਨ : ਕਾਮਰੇਡ ਹੀਰਾ ਸਿੰਘ ਸਮਾਜ ਚਿੰਤਕ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲਿਆਂ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਅਵਾਰਾ ਕੁੱਤਿਆਂ ਨਾਲ ਸਬੰਧਤ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਕੁੱਤਿਆਂ ਦੀ ਗਿਣਤੀ ਇਸ ਹੱਦ ਤਕ ਵਧ ਗਈ ਹੈ ਕਿ ਆਮ ਲੋਕਾਂ ਲਈ ਬਾਜ਼ਾਰਾਂ ਵਿਚੋਂ ਲੰਘਣਾ ਵੀ ਮੁਸ਼ਕਿਲ ਮਹਿਸੂਸ ਹੁੰਦਾ ਹੈ। ਕੁੱਤਿਆਂ ਦੇ ਕੱਟਣ ਦਾ ਡਰ ਤਾਂ ਬਣਿਆ ਹੀ ਰਹਿੰਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਥਾਂ-ਥਾਂ ਫੈਲਾਈ ਗੰਦਗੀ ਵੀ ਲੋਕਾਂ ਲਈ ਵੱਖਰੀ ਸਮੱਸਿਆ ਪੈਦਾ ਕਰ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਬੱਚਿਆਂ ਨੂੰ ਇਕੱਲਿਆਂ ਬਾਹਰ ਨਾ ਭੇਜਣ ਮਾਪੇ : ਤੱਖੂਚੱਕ ਤਰਨਤਾਰਨ ਦੇ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਨੇ ਕਿਹਾ ਕਿ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ ਬੱਚੇ ਹੀ ਨਹੀਂ, ਸਗੋਂ ਬਜ਼ੁਰਗਾਂ ਤੇ ਔਰਤਾਂ ਨੂੰ ਵੀ ਕਈ ਥਾਵਾਂ ’ਤੇ ਇਨ੍ਹਾਂ ਕੁੱਤਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਛੋਟੇ ਬੱਚਿਆਂ ਨੂੰ ਇਕੱਲਿਆਂ ਗਲੀਆਂ ਜਾਂ ਸੁੰਨਸਾਨ ਥਾਵਾਂ ’ਤੇ ਨਾ ਜਾਣ ਦੇਣ। ਆਵਾਰਾ ਕੁੱਤਿਆਂ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਲਕਾਅਤ ਵਰਗੀਆਂ ਗੰਭੀਰ ਸਥਿਤੀਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਵੀ ਮੌਤ ਹੋਈ ਹੈ। ਅਨੇਕਾਂ ਘਟਨਾਵਾਂ ਦੇ ਬਾਵਜੂਦ ਨਹੀਂ ਹੋਇਆ ਸਮੱਸਿਆ ਦਾ ਸਥਾਈ ਹੱਲ : ਸੁੱਚਾ ਸਿੰਘ ਸਮਾਜ ਸੇਵੀ ਸੁੱਚਾ ਸਿੰਘ ਕੱਕਾ ਕੰਡਿਆਲਾ ਨੇ ਕਿਹਾ ਕਿ ਆਵਾਰਾ ਕੁੱਤਿਆਂ ਕਾਰਨ ਇਲਾਕੇ ਵਿਚ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਕੋਈ ਠੋਸ ਹੱਲ ਅਜੇ ਤਕ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਬਾਈਪਾਸ ਨੇੜੇ ਕੁੱਤਿਆਂ ਦੀ ਗਿਣਤੀ ਵਧਣਾ ਵੱਡੀ ਚਿੰਤਾ ਹੈ, ਕਿਉਂਕਿ ਇੱਥੇ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ ਤੇ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ।