ਨਸ਼ੇ ਨਾਲ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਅਣਪਛਾਤੇ ਨਾਮਜ਼ਦ ਘਰਿਆਲਾ ’ਚ ਨਸ਼ੇ ਨਾਲ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ
Publish Date: Mon, 14 Sep 2026 08:13 PM (IST)
Updated Date: Tue, 15 Sep 2026 04:09 AM (IST)
ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ, ਘਰਿਆਲਾ : ਪਿੰਡ ਘਰਿਆਲਾ ਵਾਸੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਉਕਤ ਨੌਜਵਾਨ ਨੂੰ ਨਸ਼ਾ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਪਰਿਵਾਰ ਨੇ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਪਰ ਨਸ਼ਾ ਵੇਚਣ ਵਾਲਿਆਂ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਸਪੱਸ਼ਟ ਕੀਤਾ ਸੀ ਕਿ ਇਲਾਕੇ ਵਿਚ ਵੱਡੇ ਪੱਧਰ ’ਤੇ ਨਸ਼ਾ ਵਿਕਣ ਦੇ ਬਾਵਜੂਦ ਪੁਲਿਸ ਦਾ ਕੋਈ ਧਿਆਨ ਨਹੀਂ, ਜਿਸ ਕਾਰਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉੱਧਰ ਮ੍ਰਿਤਕ ਨੌਜਵਾਨ ਦੇ ਸਹੁਰਾ ਗੁਰਮੁੱਖ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਮਹਿਦੀਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਉਸਦਾ ਜਵਾਈ ਸੁਖਪਾਲ ਸਿੰਘ ਵਾਸੀ ਘਰਿਆਲਾ ਰਾਸਥਾਨ ਦੀ ਕਿਸੇ ਕੰਪਨੀ ਵਿਚ ਨੌਕਰੀ ਕਰਦਾ ਸੀ, ਜੋ ਚਾਰ ਦਿਨ ਪਹਿਲਾਂ ਘਰ ਆਇਆ। ਉਨ੍ਹਾਂ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਸੀ ਤੇ ਲੰਘੇ ਦਿਨ ਸ਼ਾਮ ਕਰੀਬ 6 ਵਜੇ ਘਰੋਂ ਗਿਆ ਤੇ ਰਾਤ ਕਰੀਬ ਸਾਢੇ 10 ਵਜੇ ਨਸ਼ੇ ਦੀ ਹਾਲਤ ਵਿਚ ਘਰ ਪਰਤਿਆ ਤੇ ਲੰਮੇ ਪੈ ਗਿਆ। ਕੁਝ ਦੇਰ ਬਾਅਦ ਉਸਦੀ ਲੜਕੀ ਕੁਲਵਿੰਦਰ ਕੌਰ ਨੇ ਆਪਣੇ ਪਤੀ ਨੂੰ ਉਠਾਇਆ ਪਰ ਉਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਨੂੰ ਨਸ਼ਾ ਦੇ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਕਾਰਵਾਈ ਕੀਤੀ ਜਾਵੇ। ਚੌਕੀ ਘਰਿਆਲਾ ਦੇ ਇੰਚਾਰਜ ਏਐੱਸਆਈ ਕੁਲਵਿੰਦਰਪਾਲ ਨੇ ਦੱਸਿਆ ਕਿ ਗੁਰਮੁੱਖ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ, ਮ੍ਰਿਤਕ ਨੂੰ ਨਸ਼ਾ ਦੇਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।