ਮੰਤਰੀ ਦਾ ਘਰ ਘੇਰਨ ਲਈ ਤਰਨਤਾਰਨ ਤੋਂ ਪੁੱਜਾ ਬੀਬੀਆਂ ਦਾ ਵੱਡਾ ਜਥਾ ਮੰਤਰੀ ਦਾ ਘਰ ਘੇਰਨ ਲਈ ਤਰਨਤਾਰਨ ਜ਼ਿਲ੍ਹੇ ਤੋਂ ਪੁੱਜਾ ਬੀਬੀਆਂ ਦਾ ਵੱਡਾ ਜਥਾ
Publish Date: Mon, 14 Sep 2026 07:27 PM (IST)
Updated Date: Tue, 15 Sep 2026 04:08 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਅੰਮ੍ਰਿਤਸਰ ਸਥਿਤ ਘਰ ਅੱਗੇ ਲੱਗੇ ਪੱਕੇ ਮੋਰਚੇ ਵਿਚ ਸ਼ਾਮਿਲ ਹੋਣ ਲਈ ਤਰਨਤਾਰਨ ਜ਼ਿਲ੍ਹੇ ਤੋਂ ਬੀਬੀਆਂ ਦਾ ਵੱਡਾ ਜਥਾ ਪੁੱਜਾ। ਜਥੇ ਦੀ ਅਗਵਾਈ ਬੀਬੀ ਰਣਜੀਤ ਕੌਰ ਕੱਲਾ ਅਤੇ ਬੀਬੀ ਉਪਜੀਤ ਕੌਰ ਝਬਾਲ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਵਿਚ ਪੰਜਾਂ ਫ਼ਸਲਾਂ ਲਈ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ, ਬਾਸਮਤੀ, ਆਲੂ, ਦਾਲਾਂ, ਸਰ੍ਹੋਂ ਅਤੇ ਮੱਕੀ ਦੀਆਂ ਫ਼ਸਲਾਂ ਲਈ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਭਾਅ ਯਕੀਨੀ ਬਣਾਉਣਾ ਸ਼ਾਮਿਲ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ ਗਏ ਪਰਚੇ ਅਤੇ ਪਰਾਲੀ ਨਾਲ ਸਬੰਧਤ ਪਰਚੇ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਸਮਝੌਤੇ ਨੂੰ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਰੱਦ ਕਰੇ। ਇਸ ਤੋਂ ਇਲਾਵਾ ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਮੋਰਚਿਆਂ ਦੌਰਾਨ ਚੋਰੀ ਹੋਏ ਟਰੈਕਟਰ-ਟਰਾਲੀਆਂ ਸਮੇਤ ਹੋਰ ਸਾਮਾਨ ਦੀ ਭਰਪਾਈ ਕੀਤੀ ਜਾਵੇ। ਇਸ ਤੋਂ ਇਲਾਵਾ ਡੀਏਪੀ ਖਾਦ ਦੀ ਕਥਿਤ ਘਾਟ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਬਿਜਲੀ ਦੇ ਮੁੱਦੇ ’ਤੇ ਆਗੂਆਂ ਨੇ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕਰਨ ਅਤੇ ਪਹਿਲਾਂ ਵਾਲੇ ਮੀਟਰ ਮੁੜ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੇ ਖਾਤਿਆਂ ਵਿਚ ਭਾਰੀ ਜੁਰਮਾਨੇ ਲਗਾਉਣ ਦੀ ਪ੍ਰਥਾ ਬੰਦ ਕੀਤੀ ਜਾਵੇ ਅਤੇ ਬਿਜਲੀ ਦੀ ਦਰ ਇਕ ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇ। ਇਸ ਮੌਕੇ ਮਨਜੀਤ ਕੌਰ, ਚੰਦਨਜੀਤ ਕੌਰ ਮੋਹਨਪੁਰ, ਗੁਰਜੀਤ ਕੌਰ ਕੰਗ, ਜਸਪਾਲ ਕੌਰ, ਬਲਵਿੰਦਰ ਕੌਰ ਮਾਣੋਚਾਹਲ, ਸਰਬਜੀਤ ਕੌਰ ਅਲੋਵਾਲ, ਜੁਗਰਾਜ ਕੌਰ, ਚਰਨ ਕੌਰ, ਕਸ਼ਮੀਰ ਕੌਰ ਸੁਰ ਸਿੰਘ, ਮਨਜੀਤ ਕੌਰ ਪਹੁਵਿੰਡ, ਨਸੀਬ ਕੌਰ, ਦਰਸ਼ਨ ਕੌਰ ਪੱਖੋਪੁਰ, ਜਸਬੀਰ ਕੌਰ ਸਭਰਾ, ਬਲਵਿੰਦਰ ਕੌਰ ਜੰਡ ਅਤੇ ਜਾਗੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ।