ਅਧਿਆਪਕਾਂ ਦੇ ਪੈਸੇ ਨਾਲ ਨਹੀਂ ਹੋਣਗੀਆਂ ਪ੍ਰਾਇਮਰੀ ਸਕੂਲ ਖੇਡਾਂ : ਐਲੀਮੈਂਟਰੀ ਟੀਚਰ ਯੂਨੀਅਨ ਸਰਕਾਰ ਫੰਡ ਜਾਰੀ ਕਰੇ, ਨਹੀਂ ਤਾਂ ਅਧਿਆਪਕਾਂ ਦੇ ਪੈਸੇ ਨਾਲ ਨਹੀਂ ਹੋਣਗੀਆਂ ਪ੍ਰਾਇਮਰੀ ਸਕੂਲ ਖੇਡਾਂ : ਐਲੀਮੈਂਟਰੀ ਟੀਚਰ ਯੂਨੀਅਨ
Publish Date: Mon, 14 Sep 2026 07:21 PM (IST)
Updated Date: Tue, 15 Sep 2026 04:08 AM (IST)
ਕਿਹਾ- ਸਰਕਾਰ ਤੁਰੰਤ ਫੰਡ ਜਾਰੀ ਕਰੇ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਫ਼ਰੰਟ ਦੇ ਝੰਡੇ ਹੇਠ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਦਿਆਂ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਸਖ਼ਤ ਫੈਸਲਾ ਲਿਆ ਗਿਆ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ ਲਈ ਬਣਦੇ ਫੰਡ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤਕ ਅਧਿਆਪਕਾਂ ਕੋਲੋਂ ਕਿਸੇ ਵੀ ਤਰ੍ਹਾਂ ਦਾ ਫੰਡ ਇਕੱਠਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਖੇਡਾਂ ਕਰਵਾਈਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜਦੋਂ ਖੇਡਾਂ ਕਰਵਾਉਣ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਵਿੱਤੀ ਬੋਝ ਅਧਿਆਪਕਾਂ ਦੇ ਮੋਢਿਆਂ ’ਤੇ ਪਾ ਦਿੱਤਾ ਜਾਂਦਾ ਹੈ। ਅਧਿਆਪਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕਢਵਾ ਕੇ ਸਰਕਾਰੀ ਪ੍ਰਬੰਧ ਚਲਾਉਣ ਦੀ ਨੀਤੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਸਕੂਲਾਂ ਦੀਆਂ ਵੱਖ-ਵੱਖ ਲੋੜਾਂ ਪੂਰੀਆਂ ਕਰਨ ਲਈ ਆਪਣੀ ਜੇਬ ਵਿੱਚੋਂ ਖਰਚ ਕਰਦੇ ਆ ਰਹੇ ਹਨ। ਇਸ ਦੇ ਬਾਵਜੂਦ ਖੇਡਾਂ ਦੇ ਖਰਚੇ ਲਈ ਮੁੜ ਅਧਿਆਪਕਾਂ ਤੋਂ ਫੰਡ ਮੰਗਣਾ ਸਰਕਾਰ ਦੀ ਜਵਾਬਦੇਹੀ ਤੋਂ ਪੱਲਾ ਝਾੜਨ ਦੇ ਬਰਾਬਰ ਹੈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਖੇਡਾਂ ਕਰਵਾਉਣੀਆਂ ਹਨ, ਤਾਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਲੋੜੀਂਦੇ ਫੰਡ ਤੁਰੰਤ ਜਾਰੀ ਕਰੇ। ਅਧਿਆਪਕਾਂ ਦੇ ਪੈਸੇ ਨਾਲ ਸਰਕਾਰੀ ਖੇਡਾਂ ਕਰਵਾਉਣ ਦੀ ਪ੍ਰਥਾ ਨੂੰ ਹੁਣ ਖ਼ਤਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਖੇਡਾਂ ਨਾਲ ਸਬੰਧਤ ਨਹੀਂ, ਸਗੋਂ ਮੁਲਾਜ਼ਮਾਂ ਦੇ ਹੱਕਾਂ ਅਤੇ ਸਰਕਾਰ ਦੀ ਜਵਾਬਦੇਹੀ ਨਾਲ ਜੁੜੇ ਵੱਡੇ ਸੰਘਰਸ਼ ਦਾ ਹਿੱਸਾ ਹੈ। ਯੂਨੀਅਨ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ ਅਤੇ ਕਿਸੇ ਵੀ ਦਬਾਅ ਅੱਗੇ ਝੁਕੇਗੀ ਨਹੀਂ। ਇਸ ਮੌਕੇ ਸਤਪਾਲ ਸਿੰਘ, ਮਨਿੰਦਰ ਸਿੰਘ, ਮਨਜੀਤ ਪਾਰਸ, ਸਤਨਾਮ ਸਿੰਘ, ਗੁਰਲਵਦੀਪ ਸਿੰਘ, ਅਮਨਦੀਪ ਸਿੰਘ, ਮਹਿੰਦਰ ਰਾਜਨ ਤੋਂ ਇਲਾਵਾ ਹੋਰ ਯੂਨੀਅਨ ਆਗੂ ਵੀ ਹਾਜ਼ਰ ਸਨ।