ਜ਼ਿਲ੍ਹੇ ’ਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ’ਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਡੀਸੀ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ
Publish Date: Mon, 14 Sep 2026 07:19 PM (IST)
Updated Date: Tue, 15 Sep 2026 04:08 AM (IST)
ਕਲੱਸਟਰ ਤੇ ਨੋਡਲ ਅਫ਼ਸਰਾਂ ਨੂੰ ਤੁਰੰਤ ਫੀਲਡ ’ਚ ਭੇਜਣ ਦੇ ਹੁਕਮ ਹਾਟਸਪਾਟ ਪਿੰਡਾਂ ’ਚ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੀ ਹਦਾਇਤ ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਵਿਚ ਸਾਲ 2026-27 ਦੌਰਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਇਸ ਨੂੰ ਸਾੜਨ ਤੋਂ ਰੋਕਣ ਲਈ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ। ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਨੂੰ ਆਦੇਸ਼ ਦਿੱਤੇ ਕਿ ਹਾਟ ਸਪਾਟ ਪਿੰਡਾਂ ਵਿਚ ਵੱਧ ਤੋਂ ਵੱਧ ਆਈਈਸੀ ਗਤੀਵਿਧੀਆਂ ਕਰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਲਈ ਪਰਾਲੀ ਨੂੰ ਅੱਗ ਦੀਆਂ ਵੱਧ ਘਟਨਾਵਾਂ ਵਾਲੇ ਪਿੰਡਾਂ ਦੀ ਪਹਿਲ ਦੇ ਅਧਾਰ ਤੇ ਚੋਣ ਕੀਤੀ ਜਾਵੇ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਕਿ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਅਤੇ ਨੋਡਲ ਅਫ਼ਸਰਾਂ ਦੀਆਂ ਡਿਊਟੀਆਂ ਲਗਾ ਕੇ ਉਨ੍ਹਾਂ ਨੂੰ ਤੁਰੰਤ ਫੀਲਡ ਵਿਚ ਭੇਜਿਆ ਜਾਵੇ। ਉਨ੍ਹਾਂ ਨੇ ਪੁਲਿਸ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ 34 ਹਾਟ ਸਪਾਟ ਪਿੰਡਾਂ ਵਿਚ ਤੁਰੰਤ ਪੁਲਿਸ ਪੈਟਰੋਲਿੰਗ ਸ਼ੁਰੂ ਕੀਤੀ ਜਾਵੇ। ਇਸੇ ਤਰ੍ਹਾਂ ਹੋਣਾ ਐਕਸੀਅਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਤਰਨਤਾਰਨ ਨੂੰ ਹਦਾਇਤ ਕੀਤੀ ਕਿ ਪਰਾਲੀ ਦੀ ਲਿਫਟਿੰਗ ਅਤੇ ਪੈਲੇਟ ਯੂਨਿਟਾਂ ਦੇ ਜਿਨ੍ਹੇ ਟੈਂਡਰ ਲੱਗੇ ਹਨ, ਉਨ੍ਹਾਂ ਨੂੰ ਤੁਰੰਤ ਪੂਰਨ ਕਰਵਾਇਆ ਜਾਵੇ। ਮੀਟਿੰਗ ਦੀ ਰਿਪੋਰਟ ਪੇਸ਼ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਸੀਜ਼ਨ 2026-27 ਦੌਰਾਨ ਜ਼ਿਲ੍ਹਾ ਤਰਨਤਾਰਨ ਵਿਚ ਝੋਨੇ, ਬਾਸਮਤੀ ਅਧੀਨ ਲਗਭਗ 1 ਲੱਖ 79 ਹਜ਼ਾਰ ਹੈਕਟੇਅਰ ਰਕਬਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਖਡੂਰ ਸਾਹਿਬ ਵਿਖੇ ਸਬਜ਼ੀ ਦੀ ਬੈਲਟ ਹੋਣ ਕਰਕੇ ਸਭ ਤੋਂ ਪਹਿਲਾਂ ਵਾਢੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਪਰਾਲੀ ਪ੍ਰਬੰਧਨ ਲਈ ਇਸ ਏਰੀਏ ਵਿਚ ਇਸ ਸਮੇਂ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਏਰੀਏ ਦੇ ਕਿਸਾਨ ਐਕਸ ਸੀਟੂ ਪਰਾਲੀ ਪ੍ਰਬੰਧਨ ਕਰਨਾ ਜ਼ਿਆਦਾ ਪਸੰਦ ਕਰਦੇ ਹਨ, ਇਸ ਲਈ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਬੇਲਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਪੂਰੇ ਜ਼ਿਲ੍ਹੇ ਵਿਚ ਪਿੰਡ ਪੱਧਰੀ ਕੈਂਪ, ਬਲਾਕ ਪੱਧਰੀ ਕੈਂਪ, ਆਸ਼ਾ ਵਰਕਰ ਕੈਂਪ, ਸਕੂਲੀ ਬੱਚਿਆਂ ਦੇ ਮੁਕਾਬਲੇ, ਨੁੱਕੜ ਨਾਟਕ, ਦੀਵਾਰ ਪੇਂਟਿੰਗਾਂ ਆਦਿ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ਰਾਂਹੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਸੁਚੱਜੀ ਅਤੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਗਾਏ ਜਾ ਰਹੇ ਕੈਂਪਾਂ ਵਿਚ ਸਰਪੰਚਾਂ, ਨੰਬਰਦਾਰਾਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਸਹੁੰ ਵੀ ਚੁਕਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਿਸਾਨਾਂ ਨੂੰ ਨਸ਼ਿਆਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਆਦਿੱਤਿਆ ਸ਼ਰਮਾ, ਐੱਸਡੀਐੱਮ ਤਰਨਤਰਨ ਡਾ. ਕਰਨਵੀਰ ਸਿੰਘ, ਐੱਸਡੀਐੱਮ ਖਡੂਰ ਸਾਹਿਬ ਸੰਜੀਵ ਸ਼ਰਮਾ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।