ਰਾਤ ਦੇ ਹਨੇਰੇ ’ਚ ਤਿੰਨ ਘਰਾਂ ’ਚੋਂ 6 ਮੋਬਾਈਲ ਤੇ ਨਕਦੀ ਚੋਰੀ ਰਾਤ ਦੇ ਹਨੇਰੇ ’ਚ ਤਿੰਨ ਘਰਾਂ ’ਚੋਂ ਛੇ ਮੋਬਾਈਲ ਤੇ ਨਕਦੀ ਚੋਰੀ
Publish Date: Mon, 14 Sep 2026 07:12 PM (IST)
Updated Date: Tue, 15 Sep 2026 04:06 AM (IST)
ਚੋਰਾਂ ਦੇ ਵਧਦੇ ਹੌਸਲਿਆਂ ਤੋਂ ਲੋਕਾਂ ’ਚ ਸਹਿਮ, ਪੁਲਿਸ ਨੂੰ ਦਿੱਤੀ ਸ਼ਿਕਾਇਤ ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਪਿੰਡ ਦੋਦੇ ਵਿਖੇ ਚੋਰਾਂ ਵੱਲੋਂ ਇੱਕੋ ਰਾਤ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਛੇ ਮੋਬਾਈਲ ਫੋਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਚੋਰਾਂ ਨੂੰ ਲੈ ਕੇ ਚਿੰਤਾ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਪੁੱਤਰ ਸਵ. ਸਕੱਤਰ ਸਿੰਘ ਅਤੇ ਉਸ ਦੀ ਮਾਤਾ ਪਰਮਜੀਤ ਕੌਰ ਪਤਨੀ ਸਵ. ਸਕੱਤਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਨਵੇਂ ਮਕਾਨ ਦੀ ਛੱਤ ’ਤੇ ਸੁੱਤੇ ਹੋਏ ਸਨ। ਰਾਤ ਦੇ ਹਨੇਰੇ ਵਿਚ ਚੋਰ ਉਨ੍ਹਾਂ ਦੇ ਸਰਹਾਣੇ ਪਿਆ ਮੋਬਾਈਲ ਫੋਨ ਅਤੇ ਪਰਸ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਰਸ ਵਿਚ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ। ਚੋਰ ਉਨ੍ਹਾਂ ਦੀ ਮਾਤਾ ਦਾ ਮੋਬਾਈਲ ਫੋਨ ਵੀ ਲੈ ਗਏ। ਇਸੇ ਦੌਰਾਨ ਉਨ੍ਹਾਂ ਦੇ ਨੇੜੇ ਛੱਤ ’ਤੇ ਸੁੱਤੇ ਸੁਖਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਦਾ ਮੋਬਾਈਲ ਫੋਨ ਅਤੇ ਪਰਸ ਵੀ ਚੋਰੀ ਕਰ ਲਿਆ ਗਿਆ। ਪੀੜਤ ਅਨੁਸਾਰ ਪਰਸ ਵਿਚ ਕਰੀਬ 4 ਹਜ਼ਾਰ 500 ਰੁਪਏ ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਸਨ। ਚੋਰਾਂ ਨੇ ਨਾਲ ਲੱਗਦੇ ਘਰ ਨੂੰ ਵੀ ਨਹੀਂ ਬਖਸ਼ਿਆ। ਬਚਿੱਤਰ ਸਿੰਘ ਪੁੱਤਰ ਜੋਗਾ ਸਿੰਘ ਅਤੇ ਉਸ ਦੇ ਲੜਕੇ ਦਲਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਮੋਬਾਈਲ ਫੋਨ ਵੀ ਚੋਰੀ ਕਰਕੇ ਲੈ ਗਏ। ਇਸ ਤਰ੍ਹਾਂ ਚੋਰ ਇੱਕੋ ਰਾਤ ਤਿੰਨ ਘਰਾਂ ਵਿੱਚੋਂ ਛੇ ਮੋਬਾਈਲ ਫੋਨ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿਚ ਇਸ ਚੋਰੀ ਦੀ ਚਰਚਾ ਹੋ ਰਹੀ ਹੈ। ਪਿੰਡ ਵਾਸੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਲੋਕ ਆਪਣੇ ਘਰਾਂ ਵਿਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਕੁਝ ਲੋਕਾਂ ਵੱਲੋਂ ਇਨ੍ਹਾਂ ਘਟਨਾਵਾਂ ਪਿੱਛੇ ਨਸ਼ੇੜੀਆਂ ਦਾ ਹੱਥ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ, ਹਾਲਾਂਕਿ ਇਸ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ। ਪੀੜਤ ਪਰਿਵਾਰਾਂ ਵੱਲੋਂ ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖਾਸਤ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।