ਬਿਜਲੀ ਦੇ ਲੰਮੇ ਕੱਟਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਧਰਨਾ ਬਿਜਲੀ ਦੇ ਲੰਮੇ ਕੱਟਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ ਐੱਸਈ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ
Publish Date: Mon, 14 Sep 2026 06:11 PM (IST)
Updated Date: Tue, 15 Sep 2026 04:05 AM (IST)
ਝੋਨੇ ਦੀ ਫ਼ਸਲ ਦੇ ਹੋ ਰਹੇ ਨੁਕਸਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਐੱਸਕੇਐੱਮ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬੀਤੇ ਕੁੱਝ ਦਿਨਾਂ ਤੋਂ ਬਿਜਲੀ ਦੇ ਲਗਾਏ ਜਾ ਰਹੇ ਲੰਮੇ ਕੱਟਾਂ ਕਾਰਨ ਝੋਨੇ ਦੀ ਫ਼ਸਲ ਦੇ ਹੋ ਰਹੇ ਵੱਡੇ ਨੁਕਸਾਨ ਦੇ ਖਿਲਾਫ਼ ਪਾਵਰਕੌਮ ਅਦਾਰੇ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਜ਼ਿਲ੍ਹਾ ਇਕਾਈ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ’ਤੇ ਸੋਮਵਾਰ ਨੂੰ ਪਾਵਰਕੌਮ ਦੇ ਐੱਸਈ ਦਫ਼ਤਰ ਇਕੱਤਰ ਹੋ ਕੇ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਲਗਾ ਕੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਝੋਨੇ ਦੀ ਤਿਆਰ ਹੋ ਚੁੱਕੀ ਫ਼ਸਲ ਜੋ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਬਰਬਾਦ ਹੋ ਰਹੀ ਫ਼ਸਲ ਤੋਂ ਗੁੱਸੇ ’ਚ ਲਾਲ ਪੀਲੇ ਹੋਏ ਕਿਸਾਨ ਆਗੂਆਂ ਨੇ ਪਾਵਰਕੌਮ ਅਦਾਰੇ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਦੋ ਦਿਨਾਂ ਵਿਚ ਬਿਜਲੀ ਸਪਲਾਈ ’ਚ ਸੁਧਾਰ ਨਾਂ ਕੀਤਾ ਗਿਆ ਤਾਂ ਅਗਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਜਲੀ ਦੀ ਖਪਤ ਅਨੁਸਾਰ ਪੈਦਾਵਾਰ ਦਾ ਪ੍ਰਬੰਧ ਸਰਕਾਰੀ ਤੌਰ ’ਤੇ ਕਰਨ ਲਈ ਸਰਕਾਰੀ ਥਰਮਲਾਂ ਦੇ ਸਾਰੇ ਯੂਨਿਟ ਪੂਰੀ ਸਮਰਥਾ ਨਾਲ ਚਲਾਉਣ ਤੋਂ ਇਲਾਵਾ ਪੰਜਾਬ ਵਿਚ ਬਿਜਲੀ ਦੀ ਪ੍ਰਾਈਵੇਟ ਪੈਦਾਵਾਰ ’ਤੇ ਨਿਰਭਰਤਾ ਦੀ ਬਜਾਏ ਸੂਬੇ ਵਿਚ ਨਵੇਂ ਹਾਈਡਲ, ਸੋਲਰ ਅਤੇ ਥਰਮਲ ਪਲਾਂਟ ਸਰਕਾਰੀ ਪੱਧਰ ’ਤੇ ਲਗਾਉਣ ਦੀ ਲੋਕ ਹਿਤੈਸ਼ੀ ਨੀਤੀ ਬਨਾਉਣੀ ਚਾਹੀਦੀ ਹੈ। ਕਿਉਂਕਿ ਜੇਕਰ ਪਾਵਰਕੌਮ ਅਦਾਰੇ ਅਤੇ ਪੰਜਾਬ ਸਰਕਾਰ ਨੇ ਭਵਿੱਖ ਵਿਚ ਇਹ ਲੋਕ ਵਿਰੋਧੀ ਨੀਤੀ ਨਾ ਬਦਲੀ ਤਾਂ ਇਸ ਨੀਤੀ ਨਾਲ ਪੰਜਾਬ ਦੇ ਮਾਲੀਏ ਦਾ ਵੱਡਾ ਹਿੱਸਾ ਕਾਰਪੋਰੇਟ ਘਰਾਣਿਆਂ ਦੀਆਂ ਝੋਲੀਆਂ ਭਰਨ ਲਈ ਰੋੜ ਦਿੱਤਾ ਜਾਵੇਗਾ। ਇਸ ਮੌਕੇ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪਨੂੰ, ਗੁਰਬਚਨ ਸਿੰਘ ਘੜਕਾ, ਹਰਜੀਤ ਸਿੰਘ ਨਿੱਝਰ, ਗੁਰਸਾਹਬ ਸਿੰਘ ਡੱਲ, ਮਹਾਂਵੀਰ ਸਿੰਘ ਗਿੱਲ, ਮਨਜੀਤ ਸਿੰਘ ਬੱਗੂ ਆਦਿ ਨੇ ਕਿਹਾ ਕਿ ਦਰਅਸਲ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵੱਡੇ ਅਕਾਰ ਦੇ ਪਾਵਰਕੌਮ ਅਦਾਰੇ ਦਾ ਦੀਵਾਲਾ ਨਿਕਲ ਚੁੱਕਾ ਹੈ। ਬਿਜਲੀ ਦੀ ਖਪਤ ਅਤੇ ਮੰਗ ਦਾ ਪਾੜਾ ਦਿਨੋਂ-ਦਿਨ ਵਧੀ ਜਾ ਰਿਹਾ ਹੈ, ਸਰਕਾਰੀ ਥਰਮਲ ਪਲਾਂਟ ਹਟਕੋਰੇ ਲੈ ਰਹੇ ਹਨ। ਆਗੂਆਂ ਨੇ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਨੂੰ ਪਾਵਰਕੌਮ ਅਦਾਰੇ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਦੱਸਦੇ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਖ਼ਿਲਾਫ਼ ਵੱਡੀ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਚਰਨ ਸਿੰਘ ਸਭਰਾ, ਸੁਖਬਾਜ ਸਿੰਘ ਸਿੱਧੂ, ਸਰਦਾਰਾ ਸਿੰਘ ਸਖੀਰਾ, ਨਿਰੰਜਨ ਸਿੰਘ ਚਾਹਲ, ਪ੍ਰਮਜੀਤ ਸਿੰਘ ਚੰਬਾ, ਦਵਿੰਦਰ ਸਿੰਘ ਗਰੇਵਾਲ, ਮੁਖਤਾਰ ਸਿੰਘ ਮੱਲਾ, ਦਵਿੰਦਰ ਸੋਹਲ ਆਦਿ ਨੇ ਵੀ ਸੰਬੋਧਨ ਕੀਤਾ।