ਮਾਝਾ ਜਨਵਾਦੀ ਲਿਖਾਰੀ ਸਭਾ ਨੇ ਕਵੀ ਦਰਬਾਰ ਤੇ ਰੂਬਰੂ ਸਮਾਗਮ ਕਰਵਾਇਆ ਮਾਝਾ ਜਨਵਾਦੀ ਲਿਖਾਰੀ ਸਭਾ ਪੰਜਾਬ ਨੇ ਕਵੀ ਦਰਬਾਰ ਅਤੇ ਰੂਬਰੂ ਸਮਾਗਮ ਕਰਵਾਇਆ
Publish Date: Mon, 14 Sep 2026 05:25 PM (IST)
Updated Date: Tue, 15 Sep 2026 04:05 AM (IST)
ਕਵਿੱਤਰੀ, ਕਵੀਸ਼ਰ ਤੇ ਗਾਇਕਾ ਸੁਮਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਜਨਵਾਦੀ ਲਿਖਾਰੀ ਸਭਾ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ, ਗੰਢਿਆਂ ਵਾਲੀ ਧਰਮਸ਼ਾਲਾ, ਤਰਨਤਾਰਨ ਵਿਖੇ ਕਵਿੱਤਰੀ, ਕਵੀਸ਼ਰ ਅਤੇ ਗਾਇਕਾ ਸੁਮਨਦੀਪ ਕੌਰ ਨਾਲ ਰੂਬਰੂ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਸਾਹਿਤਕਾਰਾਂ, ਕਵੀਆਂ ਅਤੇ ਪਾਠਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ ਵੱਲੋਂ ਹਾਜ਼ਰ ਸਾਹਿਤਕਾਰਾਂ ਅਤੇ ਕਵੀਆਂ ਨੂੰ ‘ਜੀ ਆਇਆਂ’ ਆਖ ਕੇ ਕੀਤੀ ਗਈ। ਉਨ੍ਹਾਂ ਸੁਮਨਦੀਪ ਕੌਰ ਦੀ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੁਮਨਦੀਪ ਕੌਰ ਕਵਿਤਾ ਲਿਖਣ ਅਤੇ ਗਾਉਣ ਦੇ ਨਾਲ-ਨਾਲ ਕਵੀਸ਼ਰੀ ਵਿਚ ਵੀ ਵਿਸ਼ੇਸ਼ ਰੁਚੀ ਰੱਖਦੀ ਹੈ। ਉਨ੍ਹਾਂ ਦੱਸਿਆ ਕਿ 2005 ਵਿਚ ਜਨਮੀ ਸੁਮਨਦੀਪ ਕੌਰ ਇਸ ਸਮੇਂ ਮਾਤਾ ਗੰਗਾ ਗਰਲਜ਼ ਕਾਲਜ ਤਰਨਤਾਰਨ ਵਿਖੇ ਬੀਏ ਫਾਈਨਲ ਦੀ ਵਿਦਿਆਰਥਣ ਹੈ। ਸੁਮਨਦੀਪ ਕੌਰ ਨੇ ਨਸ਼ਾ ਮੁਕਤੀ ਯੋਜਨਾ ਤਹਿਤ 18 ਅਗਸਤ ਨੂੰ ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਨਾਟਕ, ਕਵਿਤਾ ਗਾਇਨ ਅਤੇ ਨਾਅਰਾ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸੂਬਾ ਪੱਧਰੀ ਮੁਕਾਬਲੇ ਲਈ ਆਪਣੀ ਥਾਂ ਬਣਾਈ। ਇਸ ਤੋਂ ਇਲਾਵਾ ਉਹ ਕਵੀਸ਼ਰੀ ਵੀ ਬਹੁਤ ਵਧੀਆ ਗਾਉਂਦੀ ਹੈ ਅਤੇ ਵੱਖ-ਵੱਖ ਵੱਡੀਆਂ ਸਟੇਜਾਂ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਸਭਾ ਦੇ ਜਨਰਲ ਸਕੱਤਰ ਨੇ ਕਿਹਾ ਕਿ ਮਾਝਾ ਜਨਵਾਦੀ ਲਿਖਾਰੀ ਸਭਾ ‘ਮਜਲਸ’ ਨੂੰ ਮਾਣ ਹੈ ਕਿ ਉਹ ਸੁਮਨਦੀਪ ਕੌਰ ਵਰਗੀ ਨੌਜਵਾਨ ਪ੍ਰਤਿਭਾ ਨੂੰ ਸਾਹਿਤਕ ਮੰਚ ਮੁਹੱਈਆ ਕਰਵਾ ਰਹੀ ਹੈ। ਰੂਬਰੂ ਸਮਾਗਮ ਦੌਰਾਨ ਸੁਮਨਦੀਪ ਕੌਰ ਨੇ ਕਿਹਾ ਕਿ ਮਾਝਾ ਜਨਵਾਦੀ ਲਿਖਾਰੀ ਸਭਾ ਵੱਲੋਂ ਉਸ ਦੀ ਕਲਾ ਅਤੇ ਸਾਹਿਤਕ ਉਪਰਾਲਿਆਂ ਨੂੰ ਮਾਣ ਦੇਣਾ ਉਸ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਨੌਜਵਾਨ ਪੀੜ੍ਹੀ ਦਾ ਹੌਸਲਾ ਵਧਾਉਂਦੇ ਹਨ। ਇਸ ਮੌਕੇ ਸੁਮਨਦੀਪ ਕੌਰ ਦੀ ਅਧਿਆਪਕਾ ਕਮਲਜੀਤ ਕੌਰ ਨੇ ਉਸ ਦੀ ਸਾਹਿਤਕ ਅਤੇ ਕਲਾਤਮਕ ਪ੍ਰਤਿਭਾ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਜਦੋਂਕਿ ਮਜਲਸ ਪੰਜਾਬ ਵੱਲੋਂ ਸੁਮਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ 3100 ਦੀ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਹਰਦਰਸ਼ਨ ਸਿੰਘ ਕਮਲ ਨੇ ਆਪਣੀ ਰਚਨਾ ‘ਮੇਰੇ ਹਿੱਸੇ ਆਈ ਜੰਨਤ’ ਪੇਸ਼ ਕੀਤੀ। ਨਾਲ ਹੀ ਪਹੁੰਚੇ ਸਾਹਿਤਕਾਰਾਂ, ਕਵੀਆਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ। ਬਾਕਸ- ਕਵੀ ਦਰਬਾਰ ਵਿਚ ਕਵੀਆਂ ਨੇ ਬੰਨ੍ਹਿਆ ਰੰਗ ਰੂਬਰੂ ਸਮਾਗਮ ਦੇ ਨਾਲ ਕਰਵਾਏ ਗਏ ਕਵੀ ਦਰਬਾਰ ਵਿਚ ਵੱਖ-ਵੱਖ ਥਾਵਾਂ ਤੋਂ ਪਹੁੰਚੇ ਕਵੀਆਂ ਅਤੇ ਸਾਹਿਤਕਾਰਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਵਿਸ਼ੇਸ਼ ਤੌਰ ’ਤੇ ਜਲੰਧਰ ਤੋਂ ਪਹੁੰਚੇ ਲਾਲੀ ਕਰਤਾਰਪੁਰੀ ਅਤੇ ਦਲਜੀਤ ਮਹਿਮੀ ਨੇ ਆਪਣੇ ਕਲਾਮ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਸੁਖਬੀਰ ਮੁਹੱਬਤ ਪ੍ਰਧਾਨ ਲਿਖਾਰੀ ਸਾਹਿਤ ਸਭਾ ਹਰੀਕੇ ਆਪਣੀ ਟੀਮ ਸਮੇਤ ਸਮਾਗਮ ਵਿਚ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਗੁਰਦੇਵ ਸਿੰਘ ਪੱਟੀ, ਹਰਬੰਸ ਸਿੰਘ ਅਤੇ ਦਲਜੀਤ ਨੇ ਵੀ ਆਪਣੇ ਕਲਾਮ ਪੇਸ਼ ਕੀਤੇ। ਸਰੋਤਿਆਂ ਨੇ ਕਵੀਆਂ ਦੀਆਂ ਰਚਨਾਵਾਂ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਮਾਝਾ ਜਨਵਾਦੀ ਲਿਖਾਰੀ ਸਭਾ, ਪੰਜਾਬ ਦੇ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਗ਼ਜ਼ਲਗੋ ਕੁਲਦੀ ਕੌਰ ਮੰਡ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕਰਕੇ ਸਮਾਗਮ ’ਚ ਰੰਗ ਬੰਨ੍ਹਿਆ। ਗ਼ਜ਼ਲਗੋ ਪਰਜਿੰਦਰ ਕੌਰ ਕਲੇਰ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ। ਸਭਾ ਦੇ ਪ੍ਰਧਾਨ ਕੀਰਤਪ੍ਰਤਾਪ ਪੰਨੂੰ ਨੇ ਆਪਣੀ ਕਵਿਤਾ ਪੇਸ਼ ਕੀਤੀ, ਜਿਸ ਨੇ ਸਰੋਤਿਆਂ ਨੂੰ ਡੂੰਘੀ ਚੇਤਨਾ ਦੇ ਪੱਧਰ ’ਤੇ ਸੋਚਣ ਲਈ ਮਜਬੂਰ ਕੀਤਾ। ਇਸ ਤੋਂ ਇਲਾਵਾ ਬਿੰਨੀ ਕਪੂਰ, ਜਸਪਾਲ ਸਿੰਘ, ਸੋਨੂੰ ਸੁਲਤਾਨ, ਦਵਿੰਦਰ ਸਿੰਘ ਕਲੇਰ, ਚਰਨਜੀਤ ਸਿੰਘ ਝਬਾਲ, ਡਾ. ਦਲਜੀਤ ਸਿੰਘ ਨੰਦਪੁਰ, ਪ੍ਰੇਮ ਪੰਡੋਰੀ ਗੋਲਾ ਆਦਿ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਵਿਚ ਹਾਜ਼ਰ ਪਾਠਕਾਂ ’ਚ ਵਰਦਾਨ, ਮਹਿੰਦਰਪਾਲ ਸਿੰਘ ਅਤੇ ਲਾਇਬ੍ਰੇਰੀਅਨ ਦੀਦਾਰ ਸਿੰਘ ਸਮੇਤ ਹੋਰ ਸਰੋਤਿਆਂ ਨੇ ਕਵੀ ਦਰਬਾਰ ਦਾ ਖੂਬ ਆਨੰਦ ਮਾਣਿਆ। ਪਰਮਜੀਤ ਕੌਰ ਜੈਸਵਾਲ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਪੇਸ਼ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ।