ਫਰੀਡਮ ਫਾਈਟਰਜ਼ ਉਤਰਾਧਿਕਾਰੀ ਸੰਸਥਾ ਦੀ ਮਹੀਨਾਵਾਰ ਮੀਟਿੰਗ ਫਰੀਡਮ ਫਾਈਟਰਜ਼ ਉਤਰਾਧਿਕਾਰੀ ਸੰਸਥਾ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Mon, 14 Sep 2026 05:14 PM (IST)
Updated Date: Tue, 15 Sep 2026 04:05 AM (IST)
ਜਥੇਦਾਰ ਤੇਜਾ ਸਿੰਘ ਭੁੱਚਰ ਦੀ ਬਰਸੀ ਸਬੰਧੀ ਕੀਤੀ ਵਿਚਾਰ-ਚਰਚਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਫਰੀਡਮ ਫਾਈਟਰਜ਼ ਉਤਰਾਧਿਕਾਰੀ ਸੰਸਥਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਸੰਸਥਾ ਦੇ ਜਨਰਲ ਸਕੱਤਰ ਸਕੱਤਰ ਸਿੰਘ ਪਹੁਵਿੰਡ ਦੀ ਅਗਵਾਈ ਹੇਠ ਸੁਰਜੀਤ ਸਿੰਘ ਭੁੱਚਰ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਫਰੀਡਮ ਫਾਈਟਰਜ਼ ਪਰਿਵਾਰਾਂ ਨਾਲ ਸਬੰਧਤ ਵੱਖ-ਵੱਖ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਆਗੂ ਅਤੇ ਉੱਘੇ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਬੰਧੀ ਵਿਚਾਰ-ਚਰਚਾ ਕਰਨ ਲਈ ਬੁਲਾਈ ਗਈ ਸੀ। ਜ਼ਿਕਰਯੋਗ ਹੈ ਕਿ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਪਿੰਡ ਭੁੱਚਰ ਖੁਰਦ ਵਿਖੇ ਮਨਾਈ ਜਾਂਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਸਕੱਤਰ ਸਿੰਘ ਪਹੁਵਿੰਡ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਾਡੇ ਬਹਾਦਰ ਆਜ਼ਾਦੀ ਘੁਲਾਟੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਜ਼ਾਦੀ ਸੰਗਰਾਮ ਦੇ ਇਤਿਹਾਸ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣਾ ਸਮੇਂ ਦੀ ਲੋੜ ਹੈ। ਇਸ ਲਈ ਅਜਿਹੇ ਬਰਸੀ ਸਮਾਗਮਾਂ ਵਿਚ ਫਰੀਡਮ ਫਾਈਟਰਜ਼ ਪਰਿਵਾਰਾਂ ਅਤੇ ਸਮਾਜ ਦੇ ਹਰ ਵਰਗ ਨੂੰ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠ ਹੀ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਅੰਗਰੇਜ਼ ਸਰਕਾਰ ਵਿਰੁੱਧ ਆਜ਼ਾਦੀ ਦੀ ਲੜਾਈ ਦੌਰਾਨ ਕਰੀਬ 9 ਸਾਲ ਜੇਲ੍ਹ ਕੱਟੀ, ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਅਤੇ ਅੰਗਰੇਜ਼ ਹਕੂਮਤ ਦਾ ਤਸ਼ੱਦਦ ਵੀ ਸਹਿਣਾ ਪਿਆ, ਪਰ ਉਹ ਆਪਣੇ ਅਸੂਲਾਂ ਤੋਂ ਪਿੱਛੇ ਨਹੀਂ ਹਟੇ। ਸਕੱਤਰ ਸਿੰਘ ਪਹੁਵਿੰਡ ਨੇ ਫਰੀਡਮ ਫਾਈਟਰਜ਼ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ 2 ਅਕਤੂਬਰ ਨੂੰ ਪਿੰਡ ਭੁੱਚਰ ਖੁਰਦ ਵਿਖੇ ਹੋਣ ਵਾਲੇ ਬਰਸੀ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਅਤੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀ ਭੇਟ ਕਰਨ। ਮੀਟਿੰਗ ਵਿਚ ਫਰੀਡਮ ਫਾਈਟਰਜ਼ ਸੰਸਥਾ ਜ਼ਿਲ੍ਹਾ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇੰਜੀਨੀਅਰ ਜਤਿੰਦਰ ਸਿੰਘ ਭੈਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਬਰਸੀ ਸਮਾਗਮ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਸਕੱਤਰ ਸਿੰਘ ਪਹੁਵਿੰਡ ਤੋਂ ਇਲਾਵਾ ਕੁਲਦੀਪ ਸਿੰਘ ਦਦੇਹਰ ਸਾਹਿਬ, ਵਰਿਆਮ ਸਿੰਘ ਦਦੇਹਰ ਸਾਹਿਬ, ਮੋਹਨ ਸਿੰਘ ਸੁਰਸਿੰਘ, ਧਿਆਨ ਸਿੰਘ ਸੁਰਸਿੰਘ, ਬਲਜੀਤ ਸਿੰਘ ਕਸੇਲ, ਕੁਲਦੀਪ ਸਿੰਘ ਲਹੀਆਂ, ਇੰਜੀਨੀਅਰ ਜਤਿੰਦਰ ਸਿੰਘ ਭੈਲ, ਮਨਜੀਤ ਸਿੰਘ ਐੱਮਸੀ, ਇੰਸਪੈਕਟਰ ਹਰਪਾਲ ਸਿੰਘ ਅੰਮ੍ਰਿਤਸਰ, ਰਿਟਾਇਰਡ ਐੱਸਡੀਓ ਰਘੂਬੀਰ ਸਿੰਘ ਭੁੱਚਰ, ਭੁਪਿੰਦਰ ਸਿੰਘ ਭੁੱਚਰ, ਸਤਨਾਮ ਸਿੰਘ ਵਾਂ, ਗੁਰਭੇਜ ਸਿੰਘ ਵਾਂ, ਦਲਜੀਤ ਕੁਮਾਰ ਖਾਲੜਾ, ਲਵਪ੍ਰੀਤ ਸਿੰਘ ਭਿੱਖੀਵਿੰਡ, ਸੁਰਜੀਤ ਸਿੰਘ ਭੁੱਚਰ ਅਤੇ ਮਨਜਾਪ ਸਿੰਘ ਭੁੱਚਰ ਸਮੇਤ ਹੋਰ ਮੈਂਬਰ ਹਾਜ਼ਰ ਸਨ।