ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ’ਚ ਮਨਾਇਆ ‘ਹਿੰਦੀ ਦਿਵਸ’ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ’ਚ ਮਨਾਇਆ ਗਿਆ ‘ਹਿੰਦੀ ਦਿਵਸ’
Publish Date: Mon, 14 Sep 2026 05:12 PM (IST)
Updated Date: Tue, 15 Sep 2026 04:05 AM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਭਾਈ ਗੁਰਦਾਸ ਅਕੈਡਮੀ, ਪੰਡੋਰੀ ਰਣ ਸਿੰਘ ਵਿਖੇ ਸੋਮਵਾਰ ਨੂੰ ਹਿੰਦੀ ਦਿਵਸ ਬਹੁਤ ਹੀ ਉਤਸ਼ਾਹ, ਧੂਮਧਾਮ ਅਤੇ ਸਰਗਰਮੀ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਸਤਿਕਾਰ, ਪ੍ਰੇਮ ਅਤੇ ਇਸ ਦੇ ਇਤਿਹਾਸਿਕ ਮਹੱਤਵ ਦੀ ਭਾਵਨਾ ਨੂੰ ਉਜਾਗਰ ਕਰਨਾ ਸੀ। ਇਸ ਖਾਸ ਮੌਕੇ ਤੇ ਸਕੂਲ ਵਿਚ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਦੇ ਪ੍ਰਚਾਰ ਅਤੇ ਪਿਆਰ ਨੂੰ ਦਰਸਾਉਂਦੇ ਹੋਏ ਸੁੰਦਰ ਤੇ ਪ੍ਰਭਾਵਸ਼ਾਲੀ ਨਾਅਰੇ ਲਿਖੇ। ਇਸ ਦੇ ਨਾਲ ਹੀ ਬੱਚਿਆਂ ਨੇ ਹਿੰਦੀ ਦਿਵਸ ਦੇ ਮਹੱਤਵ ਤੇ ਵਿਚਾਰ ਪੇਸ਼ ਕਰਦਿਆਂ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ ਅਤੇ ਦੇਸ਼ ਭਗਤੀ ਨਾਲ ਭਰਪੂਰ ਕਵਿਤਾਵਾਂ ਸੁਣਾਈਆਂ। ਵਿਦਿਆਰਥੀਆਂ ਦੀ ਕਲਾਤਮਕ ਸੋਚ ਨੂੰ ਪਰਖਣ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਬਹੁਤ ਹੀ ਆਕਰਸ਼ਕ ਪੋਸਟਰ ਬਣਾਏ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੀ ਲਿਖਾਈ ਨੂੰ ਹੋਰ ਨਿਖਾਰਨ ਲਈ ਹਿੰਦੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸਾਰੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਵਰਦੀਪ ਕੌਰ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨੀਆਂ ਦੀ ਪੂਰੀ ਸ਼ਲਾਘਾ ਕੀਤੀ। ਪ੍ਰਿੰਸੀਪਲ ਵਰਦੀਪ ਕੌਰ ਨੇ ਆਪਣੇ ਸੰਬੋਧਨ ਦੌਰਾਨ ਹਿੰਦੀ ਭਾਸ਼ਾ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਹਿੰਦੀ ਸਾਡੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਹੈ। ਇਹ ਭਾਸ਼ਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਇਕ ਧਾਗੇ ਵਿਚ ਪਰੋ ਕੇ ਰੱਖਦੀ ਹੈ ਅਤੇ ਸਾਡੇ ਸਾਹਿਤਕ ਵਿਰਸੇ ਨੂੰ ਸੰਭਾਲਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਭਾਸ਼ਾ ਦਾ ਸਤਿਕਾਰ ਕਰਨ ਅਤੇ ਭਾਸ਼ਾਈ ਗਿਆਨ ਨੂੰ ਨਿਰੰਤਰ ਵਧਾਉਣ ਲਈ ਪ੍ਰੇਰਿਤ ਕੀਤਾ।