ਲੀਡ----ਪੰਜਾਬ ਦੀ ਸਿਆਸਤ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਹੱਤਤਾ ਅਜੇ ਵੀ ਕਾਇਮ : ਸੁਖਬੀਰ ਗੋਇੰਦਵਾਲ ਸਾਹਿਬ ਦੀ ‘ਪੰਜਾਬ ਬਚਾਓ ਰੈਲੀ’ ਦੌਰਾਨ ਅਕਾਲੀ ਦਲ ਦੇ ਹੱਕ ’ਚ ਹੋਇਆ ਵੱਡਾ ਇਕੱਠ
Publish Date: Sun, 13 Sep 2026 07:59 PM (IST)
Updated Date: Mon, 14 Sep 2026 04:05 AM (IST)
‘ਪੰਜਾਬ ਬਚਾਓ ਰੈਲੀ’ ਦੌਰਾਨ ਅਕਾਲੀ ਦਲ ਦੇ ਹੱਕ ’ਚ ਵੱਡਾ ਇਕੱਠ ਇਕੱਠ ਵੇਖ ਗਦਗਦ ਹੋਏ ਸੁਖਬੀਰ ਬਾਦਲ ਕਿਹਾ, ਮਾਝੇ ਦੀ ਪਵਿੱਤਰ ਧਰਤੀ ਤੋਂ ਖੇਤਰੀ ਪਾਰਟੀ ਦੀ ਕਾਮਯਾਬੀ ਦਾ ਵੱਜਿਆ ਬਿਗਲ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਗਈ ‘ਪੰਜਾਬ ਬਚਾਓ ਰੈਲੀ’ ਨੇ ਸਿਆਸੀ ਤੌਰ ’ਤੇ ਆਪਣੀ ਮੌਜੂਦਗੀ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕੀਤਾ ਹੈ। ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿਚ ਵੱਡੀ ਗਿਣਤੀ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿਚ ਹੋਏ ਵਿਸ਼ਾਲ ਇਕੱਠ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਗੂਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਮਾਝੇ ਦੀ ਇਸ ਪਵਿੱਤਰ ਧਰਤੀ ਤੋਂ ਖੇਤਰੀ ਪਾਰਟੀ ਦੀ ਕਾਮਯਾਬੀ ਦਾ ਬਿਗਲ ਵੱਜ ਚੁੱਕਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਵਿਚ ਇਕੱਠੀ ਹੋਈ ਲੋਕਾਂ ਦੀ ਵੱਡੀ ਗਿਣਤੀ ਇਹ ਦਰਸਾਉਂਦੀ ਹੈ ਕਿ ਪੰਜਾਬ ਦੀ ਸਿਆਸਤ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਹੱਤਤਾ ਅਜੇ ਵੀ ਕਾਇਮ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ, ਕਿਸਾਨੀ, ਨੌਜਵਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਹਰ ਵਰਗ ਦੀ ਆਵਾਜ਼ ਨੂੰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਵਿਸ਼ਾਲ ਇਕੱਠ ਆਉਂਦੀਆਂ ਚੋਣਾਂ ਲਈ ਲੋਕਾਂ ਦੇ ਰੁਝਾਨ ਦਾ ਸੰਕੇਤ ਹੈ ਅਤੇ ਅਕਾਲੀ ਦਲ ਆਉਣ ਵਾਲੇ ਸਮੇਂ ਵਿਚ ਮਜ਼ਬੂਤ ਸਿਆਸੀ ਤਾਕਤ ਵਜੋਂ ਉਭਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਆਉਂਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ ਅਤੇ ਪੰਜਾਬ ਦੇ ਲੋਕ ਮੁੜ ਖੇਤਰੀ ਪਾਰਟੀ ’ਤੇ ਭਰੋਸਾ ਜਤਾਉਣਗੇ। ਬਾਕਸ- ਬਿੱਲਾ ਸ਼ੇਰੋਂ ਤੇ ਰਮਨਦੀਪ ਕੌਰ ਸ਼ੇਰੋਂ ਦੀ ਕੀਤੀ ਹੌਸਲਾ ਅਫਜ਼ਾਈ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੇ ਪ੍ਰਬੰਧਾਂ ਤੇ ਵੱਡੇ ਇਕੱਠ ਲਈ ਸੀਨੀਅਰ ਆਗੂ ਅਵਤਾਰ ਸਿੰਘ ਬਿੱਲਾ ਸ਼ੇਰੋਂ ਅਤੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਹਲਕੇ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਮਿਹਨਤ ਕੀਤੀ ਹੈ ਅਤੇ ਗੋਇੰਦਵਾਲ ਸਾਹਿਬ ਵਿਖੇ ਹੁਣ ਤਕ ਦੀ ਸਭ ਤੋਂ ਵੱਡੀ ਰੈਲੀ ਕਰਵਾਉਣਾ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਵਰਕਰ ਜਥੇਬੰਦਕ ਤੌਰ ’ਤੇ ਸਰਗਰਮ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਤਾਕਤ ਸਿਰਫ਼ ਚੋਣਾਂ ਦੇ ਸਮੇਂ ਨਹੀਂ, ਸਗੋਂ ਪਿੰਡ-ਪਿੰਡ ਅਤੇ ਘਰ-ਘਰ ਨਾਲ ਜੁੜੇ ਵਰਕਰਾਂ ਵਿਚ ਹੈ। ਉਨ੍ਹਾਂ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਦਾ ਸੱਦਾ ਦਿੱਤਾ। ਬਾਕਸ- ਕਾਂਗਰਸ ਦੇ ਜ਼ੁਲਮ ਤੇ ‘ਆਪ’ ਦੀ ਬਰਬਾਦੀ ਤੋਂ ਲੋਕ ਦੁਖੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ’ਤੇ ਵੀ ਸਿਆਸੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਨੂੰ ਦੇਖ ਅਤੇ ਪਰਖ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ‘ਜ਼ੁਲਮ’ ਅਤੇ ਆਮ ਆਦਮੀ ਪਾਰਟੀ ਦੀ ‘ਬਰਬਾਦੀ’ ਨੂੰ ਵੇਖਦਿਆਂ ਲੋਕ ਮੁੜ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਦਾ ਮਨ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਦੀ ਆਪਣੀ ਸਿਆਸੀ ਆਵਾਜ਼ ਮਜ਼ਬੂਤ ਹੋਣੀ ਜ਼ਰੂਰੀ ਹੈ। ਉਨ੍ਹਾਂ ਅਕਾਲੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੋਚ ਨੂੰ ਲੈ ਕੇ ਲੋਕਾਂ ਵਿਚ ਜਾਣ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਵਾਉਣ। ਬਾਕਸ ਕਿਸਾਨੀ ਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦਾ ਵਾਅਦਾ ਅਕਾਲੀ ਦਲ ਦੀ ਸਰਕਾਰ ਬਣਨ ਦੀ ਸੂਰਤ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਨੂੰ ਪਾਰਟੀ ਦੀਆਂ ਤਰਜੀਹਾਂ ’ਚ ਸ਼ਾਮਿਲ ਦੱਸਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਸਰਕਾਰ ਬਣਨ ਤੋਂ ਬਾਅਦ ਇਕ ਮਹੀਨੇ ਦੇ ਅੰਦਰ-ਅੰਦਰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨੀ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕੀਤੇ ਬਿਨਾਂ ਪੰਜਾਬ ਦੀ ਤਰੱਕੀ ਸੰਭਵ ਨਹੀਂ। ਇਸੇ ਤਹਿਤ ਦੁਧਾਰੂ ਪਸ਼ੂਆਂ ਦੀ ਖਰੀਦ ਲਈ 75 ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਗਿਆ। ਬਾਕਸ- ਆਟਾ-ਦਾਲ, ਸ਼ਗਨ ਸਕੀਮ ਤੇ ਲੋੜਵੰਦਾਂ ਨੂੰ ਘਰ ਦੇਣ ਦਾ ਕੀਤਾ ਐਲਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਆਟਾ-ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ। ਇਸ ਸਕੀਮ ਤਹਿਤ 4 ਰੁਪਏ ਪ੍ਰਤੀ ਕਿਲੋ ਦੀ ਦਰ ’ਤੇ 50 ਕਿਲੋ ਕਣਕ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਨ ਦੀ ਗੱਲ ਵੀ ਉਨ੍ਹਾਂ ਆਖੀ। ਉਨ੍ਹਾਂ ਕਿਹਾ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਦੇਣਾ ਅਕਾਲੀ ਦਲ ਦੀਆਂ ਨੀਤੀਆਂ ਦਾ ਅਹਿਮ ਹਿੱਸਾ ਰਿਹਾ ਹੈ। ਇਸੇ ਤਹਿਤ ਬੇਘਰ ਪਰਿਵਾਰਾਂ ਨੂੰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜ-ਪੰਜ ਮਰਲਿਆਂ ਦੇ ਪਲਾਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਲਈ ਆਪਣਾ ਘਰ ਹੋਣਾ ਸਮਾਜਿਕ ਸੁਰੱਖਿਆ ਅਤੇ ਸਨਮਾਨ ਨਾਲ ਜੁੜਿਆ ਮਾਮਲਾ ਹੈ। ਬਾਕਸ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਤੇ ਵਿੱਤੀ ਸਹਾਇਤਾ ’ਤੇ ਜ਼ੋਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਆਜ-ਮੁਕਤ 10 ਲੱਖ ਰੁਪਏ ਤਕ ਦਾ ਕਰਜ਼ਾ ਦਿੱਤਾ ਜਾਵੇਗਾ। ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮੌਕੇ ਮਿਲਣ ਨਾਲ ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ ਅਤੇ ਨੌਜਵਾਨਾਂ ਦਾ ਪੰਜਾਬ ਨਾਲ ਜੁੜਾਅ ਮਜ਼ਬੂਤ ਹੋਵੇਗਾ। ਉਨ੍ਹਾਂ ਸਰਕਾਰੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ ਦੀ ਗੱਲ ਵੀ ਕਹੀ ਅਤੇ ਇਸ ਨੂੰ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਨਾਲ ਜੋੜਦਿਆਂ ਕਿਹਾ ਕਿ ਸੂਬੇ ਦੇ ਸਰੋਤਾਂ ਅਤੇ ਰੁਜ਼ਗਾਰ ਦੇ ਮੌਕਿਆਂ ਵਿਚ ਪੰਜਾਬ ਦੇ ਨੌਜਵਾਨਾਂ ਦੀ ਹਿੱਸੇਦਾਰੀ ਯਕੀਨੀ ਬਣਾਉਣੀ ਜ਼ਰੂਰੀ ਹੈ। ਬਾਕਸ ਰੈਲੀ ਨੇ ਹਲਕੇ ਵਿਚ ਪਾਰਟੀ ਦੀ ਸਰਗਰਮੀ ਦਾ ਦਿੱਤਾ ਸੰਕੇਤ ਸੁਖਬੀਰ ਸਿੰਘ ਬਾਦਲ ਨੇ ਗੋਇੰਦਵਾਲ ਸਾਹਿਬ ਦੀ ਇਸ ਰੈਲੀ ਦੌਰਾਨ ਪਾਰਟੀ ਆਗੂਆਂ ਨੇ ਵਰਕਰਾਂ ਨੂੰ ਇਕਜੁੱਟ ਹੋ ਕੇ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੋਂ ਉੱਠੀ ਇਹ ਆਵਾਜ਼ ਪੰਜਾਬ ਦੇ ਹੱਕਾਂ ਅਤੇ ਖੇਤਰੀ ਸਿਆਸਤ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਹਿਮ ਕਦਮ ਹੈ। ਬਾਕਸ ਵੋਟ ਦੀ ਤਾਕਤ ਨਾਲ ਲੋਕ ਦੇਣਗੇ ਸਰਕਾਰ ਨੂੰ ਜਵਾਬ : ਬੀਬਾ ਸ਼ੇਰੋਂ ਇਸ ਮੌਕੇ ਖਡੂਰ ਸਾਹਿਬ ਹਲਕੇ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਵੱਲੋਂ ਅਕਾਲੀ ਦਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿਚ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਅਧਿਆਪਕ ਆਪਣੀਆਂ ਮੰਗਾਂ ਲਈ ਆਵਾਜ਼ ਉਠਾ ਰਹੇ ਹਨ ਅਤੇ ਵੱਖ-ਵੱਖ ਵਰਗ ਸਰਕਾਰ ਤੋਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸਰਕਾਰੀ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਵਿਚਲਾ ਫ਼ਰਕ ਸਮਝ ਚੁੱਕੇ ਹਨ। ਬੀਬਾ ਸ਼ੇਰੋਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਲੋਕ ਆਪਣੀ ਵੋਟ ਦੀ ਤਾਕਤ ਰਾਹੀਂ ਸਰਕਾਰ ਦੀਆਂ ਨੀਤੀਆਂ ਦਾ ਜਵਾਬ ਦੇਣਗੇ। ਬਾਕਸ ਇਨ੍ਹਾਂ ਸ਼ਖਸੀਅਤਾਂ ਨੇ ਕੀਤੀ ਰੈਲੀ ਵਿਚ ਸ਼ਮੂਲੀਅਤ ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਕਰਮੂੰਵਾਲਾ, ਗੁਰਸੇਵਕ ਸਿੰਘ ਸ਼ੇਖ, ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਹੌਰੀਆ, ਤਜਿੰਦਰ ਸਿੰਘ ਪ੍ਰਿੰਸ, ਸਰਪੰਚ ਜੰਗਸ਼ੇਰ ਸਿੰਘ ਟੋਨੀ, ਸਿਕੰਦਰ ਸਿੰਘ ਵਰਾਣਾ, ਮਿੰਟੂ ਖਾਨ ਰਜ਼ਾਦਾ, ਭੁਪਿੰਦਰ ਸਿੰਘ ਭਿੰਦਾ ਫਤਿਆਬਾਦ, ਕਸ਼ਮੀਰ ਸਿੰਘ ਸਹੋਤਾ, ਸੁਰਿੰਦਰ ਸਿੰਘ ਸ਼ਿੰਦਾ ਮੈਂਬਰ ਬਲਾਕ ਸੰਮਤੀ, ਹਰਦੀਪ ਸਿੰਘ ਕਾਕਾ ਬਾਠ, ਬਨਵੀਰ ਸਿੰਘ, ਕੁਲਦੀਪ ਸਿੰਘ ਭਰੋਵਾਲ, ਮਲਕੀਅਤ ਸਿੰਘ ਮੁਤੀ, ਮਨਪ੍ਰੀਤ ਸਿੰਘ ਸ਼ੈਲੀ ਸਮੇਤ ਵੱਡੀ ਗਿਣਤੀ ਵਿਚ ਸਰਪੰਚ, ਪੰਚ, ਅਹੁਦੇਦਾਰ, ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।