ਤਰਨਤਾਰਨ ਜ਼ਿਲ੍ਹੇ ’ਚ ਕੌਮੀ ਲੋਕ ਅਦਾਲਤ ਦੌਰਾਨ 12 ਹਜ਼ਾਰ 701 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਤਰਨਤਾਰਨ ਜ਼ਿਲ੍ਹੇ ’ਚ ਕੌਮੀ ਲੋਕ ਅਦਾਲਤ ਦੌਰਾਨ 12 ਹਜ਼ਾਰ 701 ਕੇਸਾਂ ਦਾ ਮੌਕੇ ’ਤੇ ਨਿਪਟਾਰਾ
Publish Date: Sat, 12 Sep 2026 07:18 PM (IST)
Updated Date: Sat, 12 Sep 2026 07:20 PM (IST)
ਅਲੱਗ ਹੋਏ ਵਿਆਹੁਤਾ ਜੋੜਿਆਂ ਨੂੰ ਕੀਤਾ ਇਕੱਠੇ ਤੇ ਸਾਲਾਂ ਪੁਰਾਣੇ ਝਗੜੇ ਵੀ ਕੀਤੇ ਗਏ ਖ਼ਤਮ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸੈਸ਼ਨਜ਼ ਡਵੀਜ਼ਨ ਵਿਚ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਅਤੇ ਸ਼ੈਸਨ ਜੱਜ ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਨੇ ਇਸ ਸਬੰਧੀ ਦੱਸਿਆ ਕਿ ਇਸ ਦੌਰਾਨ ਪਬਲਿਕ ਦੀ ਸਹੂਲਤ ਲਈ ਕੌਮੀ ਲੋਕ ਅਦਾਲਤ ਦੇ ਕੁੱਲ 8 ਬੈਂਚ ਬਣਾਏ ਗਏ, ਜਿਨ੍ਹਾਂ ਵਿਚ ਪਹਿਲਾ ਬੈਂਚ ਮਨੋਜ਼ ਕੁਮਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਤਰਨਤਾਰਨ, ਦੂਸਰਾ ਬੈਂਚ ਪੂਜਾ ਅੰਦੋਤਰਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨਤਾਰਨ, ਤੀਸਰਾ ਬੈਂਚ ਦਲੀਪ ਕੁਮਾਰ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਤਰਨਤਾਰਨ, ਚੌਥਾ ਬੈਂਚ ਮਨਜੋਤ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨਤਾਰਨ ਅਤੇ ਪੰਜਵਾਂ ਬੈਂਚ ਅਜੈਬ ਸਿੰਘ ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਤਰਨਤਾਰਨ ਵੱਲੋਂ ਲਗਾਇਆ ਗਿਆ। ਇਸ ਤੋਂ ਇਲਾਵਾ ਪੱਟੀ ਵਿਖੇ ਦੋ ਬੈਂਚ ਸਿਮਰਨਜੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਅਤੇ ਮਨਿਕ ਕੋਰਾ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਵੱਲੋਂ ਲਗਾਏ ਗਏ। ਇਸ ਤੋਂ ਇਲਾਵਾ ਖਡੂਰ ਸਾਹਿਬ ਵਿਖੇ ਇਕ ਬੈਂਚ ਮਿਸ ਮੋਨਿਕਾ ਚੋਹਾਨ, ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ, ਖਡੂਰ ਸਾਹਿਬ ਵੱਲੋਂ ਲਗਾਇਆ ਗਿਆ। ਇਸ ਦੌਰਾਨ ਲੋਕ ਅਦਾਲਤ ਦੇ ਬੈਚਾਂ ਦੇ ਪ੍ਰੀਜਾਈਡਿੰਗ ਅਫ਼ਸਰਾਂ ਨੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿਚ ਬਹੁਤ ਹੀ ਸਹਿਜਤਾ, ਸੰਵੇਦਨਸ਼ੀਲਤਾ ਨਾਲ ਪਬਲਿਕ ਦੇ ਨਾਲ, ਆਹਮੋ-ਸਾਹਮਣੇ ਬੈਠ ਕੇ ਉਨ੍ਹਾਂ ਦੇ ਝਗੜਿਆਂ ਤੇ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਝਗੜਾ ਖ਼ਤਮ ਕਰਨ ਦੇ ਫਾਈਦੇ ਦੱਸਦੇ ਹੋਏ ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਕੇਸ ਨਿਬੇੜਨ ਲਈ ਪ੍ਰੇਰਿਆ। ਲੋਕ ਅਦਾਲਤ ਦੇ ਪ੍ਰੀਜਾਈਡਿੰਗ ਅਫ਼ਸਰਾਂ ਨੇ ਪਬਲਿਕ ਦੀ ਸਹਿਮਤੀ ਨਾਲ ਇਸ ਵਾਰ ਦੀ ਕੌਮੀ ਲੋਕ ਅਦਾਲਤ ਵਿਚ ਕੁੱਲ 13 ਹਜ਼ਾਰ 911 ਰੱਖੇ ਕੇਸਾਂ ਵਿਚੋਂ 12 ਹਜ਼ਾਰ 701 ਕੇਸਾਂ ਦਾ ਨਿਪਟਾਰਾ ਕੀਤਾ ਅਤੇ 21 ਕਰੋੜ 90 ਲੱਖ 42 ਹਜ਼ਾਰ 890 ਰੁਪਏ ਦੀ ਰਕਮ ਦੇ ਫ਼ੈਸਲੇ ਕੀਤੇ ਗਏ। ਇਸ ਤੋਂ ਇਲਾਵਾਂ ਇੰਸ਼ੋਰੈਂਸ ਕੰਪਨੀਆਂ ਦੇ ਫਾਈਨਲ ਅਵਾਰਡ 1 ਕਰੋੜ 58 ਲੱਖ 37 ਹਜ਼ਾਰ 73 ਰੁਪਏ ਦੇ ਪਾਰਟੀਆਂ ਨੂੰ ਮੌਕੇ ’ਤੇ ਚੈੱਕ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਪਸੀ ਝਗੜਿਆਂ ਕਾਰਨ ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕੀਤਾ ਗਿਆ ਅਤੇ ਸਾਲਾਂ ਪੁਰਾਣੇ ਝਗੜੇ ਵੀ ਖ਼ਤਮ ਕੀਤੇ ਗਏ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਲੋਕ ਅਦਾਲਤ ਵਿਚ ਕਿਸੇ ਕੇਸ ਦਾ ਫ਼ੈਸਲਾ ਹੋ ਜਾਂਦਾ ਹੈ ਤਾਂ ਇਸ ਕੇਸ ਵਿਚ ਲੱਗੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ। ਅਦਾਲਤਾਂ ਵਿਚ ਸਮੇਂ-ਸਮੇਂ ’ਤੇ ਪ੍ਰੀ ਲੋਕ ਅਦਾਲਤਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਰਾਸ਼ਟਰੀ ਲੋਕ ਅਦਾਲਤ ਵਿਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਕੰਵਲਜੀਤ ਸਿੰਘ ਬਾਜਵਾ ਨੇ ਇਹ ਵੀ ਦੱਸਿਆ ਕਿ ਕੌਮੀ ਲੋਕ ਅਦਾਲਤ ਰਾਹੀਂ ਕੇਸ ਹੱਲ ਕਰਨ ਦੇ ਬੜੇ ਫ਼ਾਇਦੇ ਹਨ, ਕਿਉਂਕਿ ਕੌਮੀ ਲੋਕ ਅਦਾਲਤ ਰਾਂਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫ਼ੈਸਲਾ ਅੰਤਿਮ ਹੁੰਦਾ ਹੈ ਅਤੇ ਆਪਸੀ ਸਹਿਮਤੀ ਨਾਲ ਨਿਬੜੇ ਕੇਸਾਂ ਵਿਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਧਿਰਾਂ, ਵਕੀਲਾਂ ਨੇ ਇਸ ਕੌਮੀ ਲੋਕ ਅਦਾਲਤ ਵਿਚ ਬੜੀ ਚੰਗੀ ਦਿਲਚਸਪੀ ਦਿਖਾਈ ਅਤੇ ਕੌਮੀ ਲੋਕ ਅਦਾਲਤ ਦੀ ਸਫ਼ਲਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਨੇਕਾ ਜਾਗਰੂਕਤਾ ਕੈਂਪ, ਮੀਟਿੰਗਾਂ ਕੀਤੀਆਂ ਗਈਆਂ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ। ਇਸ ਦੌਰਾਨ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਨੇ ਦੱਸਿਆ ਪਬਲਿਕ ਨੂੰ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ 12 ਦਸੰਬਰ ਨੂੰ ਲੱਗੇਗੀ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968, ਕੋਮੀ ਟੋਲ ਫ੍ਰੀ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਕੈਪਸ਼ਨ : ਤਰਨਤਾਰਨ ਜ਼ਿਲ੍ਹੇ ਵਿਚ ਲਗਾਈ ਗਈ ਕੌਮੀ ਲੋਕ ਅਦਾਲਤ ਮੌਕੇ ਜ਼ਿਲ੍ਹਾ ਅਤੇ ਸ਼ੈਸਨ ਜੱਜ ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਵੱਖ-ਵੱਖ ਕੇਸਾਂ ਦਾ ਨਿਪਟਾਰਾ ਕਰਨ ਮੌਕੇ ਜੱਜ।