ਸ਼ੇਰੋਂ ਖੰਡ ਮਿੱਲ ਮੋਰਚੇ ਦੇ 115ਵੇਂ ਦਿਨ ਬਿਜਲੀ ਕੱਟਾਂ ਖਿਲਾਫ਼ ਭੜਕੇ ਕਿਸਾਨ ਸ਼ੇਰੋਂ ਖੰਡ ਮਿੱਲ ਮੋਰਚੇ ਦੇ 115ਵੇਂ ਦਿਨ ਬਿਜਲੀ ਦੇ ਲੰਮੇ ਕੱਟਾਂ ਖਿਲਾਫ਼ ਭੜਕੇ ਕਿਸਾਨ ਆਗੂ
Publish Date: Sat, 12 Sep 2026 06:48 PM (IST)
Updated Date: Sat, 12 Sep 2026 06:50 PM (IST)
14 ਨੂੰ ਐੱਸਈ ਦਫ਼ਤਰ ਅੱਗੇ ਕਰਾਂਗੇ ਪ੍ਰਦਰਸ਼ਨ : ਐੱਸਕੇਐੱਮ ਮੋਰਚੇ ਦੀ ਗੂੰਜ ਚੰਡੀਗੜ੍ਹ ਮੋਰਚੇ ’ਚ ਪੈਣ ’ਤੇ ਤਸੱਲੀ ਦਾ ਪ੍ਰਗਟਾਵਾ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਮੋਰਚੇ ਦੇ 115ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪਾਵਰਕਾਮ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਲੰਮੇ ਕੱਟਾਂ ਖਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਹਰਜਿੰਦਰ ਸਿੰਘ ਟਾਂਡਾ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਦਵਿੰਦਰ ਸੋਹਲ, ਜੱਸਾ ਸਿੰਘ ਕੱਦਗਿੱਲ, ਡਾਕਟਰ ਇੰਦਰਜੀਤ ਸਿੰਘ ਮਰਹਾਣਾ, ਨਛੱਤਰ ਸਿੰਘ ਪਨੂੰ ਆਦਿ ਨੇ ਕਿਹਾ ਕਿ ਪਾਵਰਕਾਮ ਵਲੋਂ ਸੂਬਾ ਭਰ ਵਿਚ ਬਿਜਲੀ ਦੇ ਲੰਮੇ ਕੱਟ ਲਗਾ ਕੇ ਝੋਨੇ ਦੀ ਫ਼ਸਲ ਦਾ ਬਹੁਤ ਤੇਜ਼ ਗਰਮੀ ਦੇ ਚਲਦਿਆਂ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਇਸ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ’ਤੇ 14 ਸਤੰਬਰ ਨੂੰ ਪਾਵਰਕਾਮ ਦੇ ਸਥਾਨਕ ਐੱਸਈ ਦਫ਼ਤਰ ਦੇ ਬਾਹਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤਕ ਰੋਸ ਧਰਨਾ ਲਗਾ ਕੇ ਮੁਜ਼ਾਹਰਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੀ ਗੱਦੀ ਪੱਕੀ ਕਰਨ ਲਈ ਅਦਾਰੇ ਵਿਚ ਗਲਤ ਨੀਤੀਆਂ ਲਾਗੂ ਕਰਕੇ ਪਬਲਿਕ ਸੈਕਟਰ ਦੇ ਵੱਡੇ-ਵੱਡੇ ਮਹਿਕਮੇ ਪਾਵਰਕਾਮ ਨੂੰ ਤਬਾਹ ਹੋਣ ਦੇ ਕੰਢੇ ਖੜ੍ਹਾ ਕਰ ਦਿੱਤਾ ਹੈ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਸੁਖਦੇਵ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਚਰਨ ਸਿੰਘ ਸਭਰਾ, ਜਸਬੀਰ ਸਿੰਘ ਨਿੱਝਰਪੁਰਾ, ਮੁਖਵਿੰਦਰ ਸਿੰਘ ਫੈਲੋਕੇ, ਮੰਗਲ ਸਿੰਘ, ਕੇਹਰ ਸਿੰਘ, ਸੁਖਬਾਜ ਸਿੰਘ ਸਿੱਧੂ ਆਦਿ ਨੇ ਮਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਦੇ ਘਟੀਆ ਪ੍ਰਬੰਧਾਂ ਨੂੰ ਤੁਰੰਤ ਠੀਕ ਕਰਨ ਉਪਰੰਤ ਲਗਾਏ ਜਾ ਰਹੇ ਲੰਮੇ ਕੱਟ ਖਤਮ ਕਰਕੇ ਝੋਨੇ ਦੀ ਫ਼ਸਲ ਲਈ ਘੱਟੋਂ-ਘੱਟ 10 ਘੰਟੇ ਅਤੇ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ 24 ਘੰਟੇ ਘਰੇਲੂ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਆਗੂਆਂ ਨੇ ਸ਼ੇਰੋਂ ਖੰਡ ਮਿੱਲ ਚਾਲੂ ਕਰਨ ਲਈ ਲਗਾਏ ਪੱਕੇ ਮੋਰਚੇ ਦੀ ਗੂੰਜ ਚੰਡੀਗੜ੍ਹ ਮੋਰਚੇ ਵਿਚ ਪੈਣ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਵੱਲੋਂ ਖੰਡ ਮਿੱਲ ਦੇ ਮਸਲੇ ਨੂੰ ਏਜੰਡਾ ਬਣਾ ਕੇ ਕੈਬਨਿਟ ਮੰਤਰੀਆਂ ਅੱਗੇ ਰੱਖਣ ਲਈ ਸੂਬਾ ਲੀਡਰਸ਼ਿਪ ਦਾ ਧੰਨਵਾਦ ਕੀਤਾ।